ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਦਸੰਬਰ
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਸੂਆ ਰੋਡ ਗੋਬਿੰਦਗੜ੍ਹ ਸਥਿਤ ਲੋਹਾ ਫੈਕਟਰੀ ਵਿੱਚੋਂ ਲੱਖਾਂ ਰੁਪਏ ਦੇ ਮੁੱਲ ਦਾ ਸਾਮਾਨ ਚੋਰੀ ਹੋ ਗਿਆ। ਜੀਕੇ ਅਸਟੇਟ ਮੁੰਡੀਆਂ ਵਾਸੀ ਪ੍ਰਸ਼ੋਤਮ ਦਾਸ ਨੇ ਦੱਸਿਆ ਕਿ ਉਸ ਦੀ ਚੌਧਰੀ ਕਲੋਨੀ ਸੂਆ ਰੋਡ ਗੋਬਿੰਦਗੜ੍ਹ ਵਿੱਚ ਮੁਕੇਸ਼ ਇੰਡਸਟਰੀ ਹੈ ਜਿਥੇ ਲੋਹੇ ਦਾ ਕੰਮ ਹੁੰਦਾ ਹੈ। ਬੀਤੀ ਰਾਤ ਕੰਧ ਟੱਪ ਕੇ ਨਾਮਲੂਮ ਵਿਅਕਤੀ ਫੈਕਟਰੀ ਅੰਦਰ ਦਾਖ਼ਲ ਹੋਏ ਅਤੇ ਉਸ ਦੇ ਮੁਲਾਜ਼ਮ ਸੁਦਾਮਾ ਜਾਧਵ ਨੂੰ ਉਨ੍ਹਾਂ ਇਕ ਕਮਰੇ ਵਿੱਚ ਬੰਦ ਕਰ ਦਿੱਤਾ। ਫੈਕਟਰੀ ਵਿੱਚੋਂ ਉਹ 1960 ਕਿੱਲੋ ਜ਼ਿੰਕ, 1480 ਕਿੱਲੋ ਤਿਆਰ ਮਾਲ, ਸਿਲਵਰ 70 ਕਿੱਲੋ ਫੈਕਟਰੀ ਵਿੱਚ ਖੜ੍ਹੀ ਮਹਿੰਦਰਾ ਪਿਕਅੱਪ ਗੱਡੀ ਵਿੱਚ ਲੱਦ ਕੇ ਫਰਾਰ ਹੋ ਗਏ ਹਨ। ਉਹ ਜਾਂਦੇ ਹੋਏ ਫੈਕਟਰੀ ਵਿੱਚ ਲੱਗਿਆ ਡੀਵੀਆਰ ਵੀ ਲੈ ਗਏ ਹਨ। ਪੁਲੀਸ ਨੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।