ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਦਸੰਬਰ
ਆਈਟੀ ਸਿਟੀ ਮੁਹਾਲੀ ਵਿੱਚ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰਹੂਮ ਬੇਅੰਤ ਸਿੰਘ ਦੀ ਸਰਕਾਰ ਨੇ ਇੱਥੋਂ ਦੇ ਫੇਜ਼-8 ਵਿੱਚ ਅੰਤਰਰਾਜੀ ਬੱਸ ਅੱਡਾ ਬਣਾਇਆ ਸੀ ਪਰ ਪਿੱਛੇ ਜਿਹੇ ਕੈਪਟਨ ਸਰਕਾਰ ਨੇ ਪੁਰਾਣਾ ਬੱਸ ਅੱਡਾ ਬੰਦ ਕਰਵਾ ਕੇ ਵੇਰਕਾ ਮਿਲਕ ਪਲਾਂਟ ਨੇੜੇ ਨਵਾਂ ਏਸੀ ਬੱਸ ਅੱਡਾ ਚਾਲੂ ਕਰਨ ਦੇ ਹੁਕਮ ਚਾੜ੍ਹੇ ਸਨ। ਸਰਕਾਰ ਦੇ ਹੁਕਮਾਂ ਨਾਲ ਪੁਰਾਣਾ ਬੱਸ ਅੱਡਾ ਤਾਂ ਬੰਦ ਹੋ ਗਿਆ ਪਰ ਨਵਾਂ ਚੱਲ ਨਹੀਂ ਸਕਿਆ।
ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਬੰਦ ਕੀਤੇ ਪੁਰਾਣੇ ਬੱਸ ਅੱਡੇ ਨੂੰ ਚਾਲੂ ਕਰਨ ਦੀ ਮੰਗ ਕੀਤੀ ਹੈ। ਮੌਜੂਦਾ ਸਮੇਂ ਸਰਕਾਰੀ ਅਤੇ ਨਿੱਜੀ ਬੱਸਾਂ ਦੇ ਚਾਲਕ ਪੁਰਾਣੇ ਬੱਸ ਅੱਡਾ ਦੇ ਬਾਹਰ ਸੜਕ ਕਿਨਾਰੇ ਜਾਂ ਰੁੱਖਾਂ ਹੇਠ ਬੱਸਾਂ ਖੜ੍ਹੀਆਂ ਕਰਕੇ ਸਵਾਰੀਆਂ ਚੁੱਕਦੇ ਅਤੇ ਲਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਕਈ ਪ੍ਰਮੁੱਖ ਦਫ਼ਤਰ ਹਨ ਜਿਨ੍ਹਾਂ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਕਰਮਚਾਰੀ ਡਿਊਟੀ ’ਤੇ ਆਉਂਦੇ ਹਨ। ਇਸ ਤੋਂ ਇਲਾਵਾ ਗੁਰਦੁਆਰਾ ਅੰਬ ਸਾਹਿਬ, ਪੀਸੀਏ ਸਟੇਡੀਅਮ, ਫੋਰਟਿਸ ਹਸਪਤਾਲ, ਕਾਸਮੋ ਹਸਪਤਾਲ ਅਤੇ ਹੋਰ ਅਦਾਰੇ ਵੀ ਹਨ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਕੋਈ ਨਵਾਂ ਬੱਸ ਅੱਡਾ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਬੰਦ ਕੀਤੇ ਪੁਰਾਣੇ ਬੱਸ ਅੱਡੇ ਨੂੰ ਚਾਲੂ ਕੀਤਾ ਜਾਵੇ ਅਤੇ ਸਿਟੀ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ।
ਇਸੇ ਦੌਰਾਨ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਫੇਜ਼-8 ਵਿੱਚ ਕਾਫ਼ੀ ਸਮੇਂ ਤੋਂ ਬੱਸ ਅੱਡਾ ਚੱਲ ਰਿਹਾ ਸੀ ਪਰ ਗਮਾਡਾ ਨੇ ਬੱਸ ਅੱਡੇ ਨੂੰ ਬੰਦ ਕਰਕੇ ਕਾਊਂਟਰ ਅਤੇ ਥੜਿਆਂ ਨੂੰ ਢਾਹ ਦਿੱਤਾ। ਇਸ ਸਮੇਂ ਹਾਲਾਤ ਇਹ ਹਨ ਕਿ ਸੜਕ ਕਿਨਾਰੇ ਰੁੱਖਾਂ ਹੇਠ ਅਰਜ਼ੀ ਬੱਸ ਅੱਡਾ ਚਲ ਰਿਹਾ ਹੈ। ਸਵਾਰੀਆਂ ਦੇ ਬੈਠਣ ਲਈ ਕੋਈ ਥਾਂ ਨਾ ਹੋਣ ਚਾਲਕ ਸੜਕ ਕਿਨਾਰੇ ਬੱਸਾਂ ਖੜ੍ਹੀਆਂ ਕਰਕੇ ਸਵਾਰੀਆਂ ਨੂੰ ਚੜ੍ਹਾਉਂਦੇ ਅਤੇ ਉਤਾਰਦੇ ਹਨ।
ਮਾਮਲਾ ਟਰਾਂਸਪੋਰਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ: ਪੀਆਰਟੀਸੀ ਚੇਅਰਮੈਨ
ਪੀਆਰਟੀਸੀ ਦੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਉਹ ਇਸ ਸਬੰਧੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਗੱਲ ਕਰਨਗੇ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਨਵਾਂ ਬੱਸ ਅੱਡਾ ਵੀ ਬਣਨ ਜਾ ਰਿਹਾ ਹੈ ਪਰ ਜਦੋਂ ਤੱਕ ਨਵਾਂ ਅੱਡਾ ਨਹੀਂ ਬਣਦਾ, ਉਦੋਂ ਤੱਕ ਲੋਕਾਂ ਦੀ ਮੰਗ ਅਨੁਸਾਰ ਪੁਰਾਣੇ ਬੱਸ ਅੱਡੇ ਨੂੰ ਆਰਜ਼ੀ ਤੌਰ ’ਤੇ ਮੁੜ ਚਾਲੂ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।