ਮਨੋਜ ਸ਼ਰਮਾ/ਸ਼ਗਨ ਕਟਾਰੀਆ
ਬਠਿੰਡਾ, 15 ਮਾਰਚ
ਇੱਥੇ ਗੋਨਿਆਣਾ ਰੋਡ ਸਥਿਤ ਯੂਨੀਅਨ ਬੈਂਕ ਆਫ਼ ਇੰਡੀਆ ਦੀ ਸ਼ਾਖਾ ਦੇ ਬਾਹਰ ਯੂਨਾਈਟਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਬੈਨਰ ਹੇਠ ਨੌਂ ਮੁਲਾਜ਼ਮ ਜਥੇਬੰਦੀਆਂ ਦੇ ਵੱਖ-ਵੱਖ ਬੈਂਕਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ। ਬੈਂਕ ਕਰਮੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਨਵੀਨਰ ਕਾਮਰੇਡ ਪਵਨ ਜਿੰਦਲ ਨੇ ਦੱਸਿਆ ਕਿ ਅੱਜ ਦੀ ਹੜਤਾਲ ਦੇਸ਼ ਦੀ ਤਾਨਾਸ਼ਾਹ ਮੋਦੀ ਹਕੂਮਤ ਦੇ ਖਿਲਾਫ਼ ਹੈ ਜੋ ਹਰ ਪਬਲਿਕ ਸੈਕਟਰ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਜਾ ਰਹੀ ਹੈ।
ਕਾਮਰੇਡ ਗੁਲਸ਼ਨ ਓਬਰਾਏ ਨੇ ਕਿਹਾ ਕਿ ਸਰਕਾਰ ਮੁੱਠੀ ਭਰ ਸਰਮਾਏਦਾਰਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਕਾਮਰੇਡ ਅਸ਼ੋਕ ਗੁਪਤਾ, ਕਾਮਰੇਡ ਲਾਜਪਤ ਰਾਏ ਗੋਇਲ ਅਤੇ ਸੱਤਪਾਲ ਜਿੰਦਲ ਨੇ ਵੀ ਸਰਕਾਰ ਨੂੰ ਕਰੜੇ ਹੱਥੀਂ ਲਿਆ। ਬੈਂਕ ਮੁਲਾਜ਼ਮਾਂ ਵੱਲੋਂ ਮਾਲ ਰੋਡ ਉੱਪਰ ਇੱਕ ਵਿਸ਼ਾਲ ਰੈਲੀ ਵੀ ਕੱਢੀ ਗਈ ਅਤੇ ਆਮ ਜਨਤਾ ਨੂੰ ਸਰਕਾਰ ਦੀ ਕੋਝੀ ਮਨਸ਼ਾ ਤੋਂ ਜਾਣੂ ਕਰਵਾਇਆ ਗਿਆ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਸ਼ਹਿਣਾ (ਪੱਤਰ ਪ੍ਰੇਰਕ): ਯੂਨਾਈਟਿਡ ਫੋਰਮ ਆਫ਼ ਬੈਂਕਿੰਗ ਯੂਨੀਅਨ ਵੱਲੋਂ ਹੜਤਾਲ ਦੇ ਸੱਦੇ ’ਤੇ ਕਸਬੇ ਸ਼ਹਿਣਾ ਦੇ ਬੈਂਕ ਬੰਦ ਰਹੇ। ਹੜਤਾਲ ਕਾਰਨ ਪੈਸੇ ਜਮ੍ਹਾਂ ਅਤੇ ਕਢਵਾਉਣ, ਚੈੱਕ ਪਾਸ ਕਰਵਾਉਣ ਅਤੇ ਹੋਰ ਸੇਵਾਵਾਂ ਪ੍ਰਭਾਵਿਤ ਰਹੀਆਂ।
ਸਿਰਸਾ (ਪ੍ਰਭੂ ਦਿਆਲ): ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਨਿੱਜੀਕਰਨ ਵਿਰੁੱਧ ਅੱਜ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਹੜਤਾਲ ਕਰ ਕੇ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਕਰਮਚਾਰੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਬੈਂਕ ਮੁਲਾਜ਼ਮਾਂ ਦੀ ਹੜਤਾਲ ਨੂੰ ਹਮਾਇਤ ਦਿੱਤੀ। ਜ਼ਿਲ੍ਹਾ ਸਿਰਸਾ ਵਿੱਚ ਬੈਂਕ ਮੁਲਾਜ਼ਮਾਂ ਦੀ ਹੜਤਾਲ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ। ਜ਼ਿਲ੍ਹੇ ਦੇ ਸਾਰੇ ਸਰਕਾਰੀ ਬੈਂਕ ਅੱਜ ਬੰਦ ਰਹੇ। ਬੈਂਕ ਅਧਿਕਾਰੀ ਤੇ ਮੁਲਾਜ਼ਮਾਂ ਬੈਂਕਾਂ ਬਾਹਰ ਹੜਤਾਲ ਦਾ ਨੋਟਿਸ ਲਾ ਕੇ ਬਰਨਾਲਾ ਰੋਡ ਸਥਿਤ ਪੀਐਨਬੀ ਬੈਂਕ ਦੇ ਬਾਹਰ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਾਅਦ ਵਿੱਚ ਬੈਂਕ ਮੁਲਾਜ਼ਮ ਤੇ ਕਿਸਾਨ ਪ੍ਰਦਰਸ਼ਨ ਕਰਦੇ ਹੋਏ ਰੇਲਵੇ ਸਟੇਸ਼ਨ ਪੁੱਜੇ ਜਿੱਥੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਨਿੱਜੀਕਰਨ ਵਿਰੁੱਧ ਸਰਕਾਰੀ ਬੈਂਕ ਮੁਲਾਜ਼ਮਾਂ ਨੇ ਹੜਤਾਲ ਕਰਕੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਟੇਟ ਬੈਂਕ ਆਫ਼ ਇੰਡੀਆ ਸਾਹਮਣੇ ਲਾਏ ਗਏ ਯੂਨਾਈਟੇਡ ਫੋਰਮ ਆਫ਼ ਬੈਂਕ ਯੂਨੀਅਨਸ ਦੇ ਬੈਨਰ ਹੇਠ 9 ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਮੋਦੀ ਸਰਕਾਰ ਦੀ ਬੈਂਕਾਂ ਨੂੰ ਖ਼ਤਮ ਕਰਨ ਦੀ ਨੀਤੀ ਖਿਲਾਫ਼ ਧਰਨਾ ਲਾਇਆ।
ਕਾਮਰੇਡ ਨਿਰਪਾਲ ਸਿੰਘ ਨੇ ਦੱਸਿਆ ਕਿ ਅੱਜ ਦੀ ਹੜਤਾਲ ਦੇਸ਼ ਦੀ ਤਾਨਾਸ਼ਾਹ ਮੋਦੀ ਹਕੂਮਤ ਖਿਲਾਫ਼ ਹੈ ਜੋ ਕਿ ਹਰ ਪਬਲਿਕ ਸੈਕਟਰ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਜਾ ਰਹੀ ਹੈ। ਇਸ ਮੌਕੇ ਵਿਕਾਸ ਗੋਇਲ, ਪ੍ਰੋਵੀਨ ਕੁਮਾਰ, ਨਿਤਿਨ ਗਰਗ, ਰਾਕੇਸ਼ ਗਰਗ, ਨਵਜੋਤ ਕੌਰ ਤੇ ਰਾਕੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਕੇਂਦਰ ਸਰਕਾਰ ਵੱਲੋਂ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕੀਤੇ ਜਾਣ ਦੇ ਰੋਸ ਵਜੋਂ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿਚਲੇ ਸਰਕਾਰੀ ਬੈਂਕ ਹੜਤਾਲ ਕਾਰਨ ਬੰਦ ਰਹੇ। ਪਿੰਡ ਚੀਮਾ ਵਿੱਚ ਭਾਰਤੀ ਸਟੇਟ ਬੈਂਕ, ਭੋਤਨਾ ਵਿੱਚ ਪੰਜਾਬ ਐਂਡ ਸਿੰਧ ਬੈਂਕ, ਟੱਲੇਵਾਲ ਵਿੱਚ ਪੰਜਾਬ ਨੈਸ਼ਨਲ ਬੈਂਕ, ਗਹਿਲ ਵਿੱਚ ਮਾਲਵਾ ਗ੍ਰਾਮੀਣ ਬੈਂਕ, ਪਿੰਡ ਬੀਹਲਾ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕਾਰਨ ਬੈਂਕ ਬੰਦ ਰਹੇ ਜਿਸ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਗੱਲਬਾਤ ਕਰਦਿਆਂ ਹੜਤਾਲ ਕਰਨ ਵਾਲੇ ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਭਾਵੇਂ ਬੈਂਕਾਂ ਦਾ ਕੰਮ ਠੱਪ ਕਰ ਕੇ ਹੜਤਾਲ ਕੀਤੀ ਗਈ ਹੈ, ਪਰ ਆਨਲਾਈਨ ਬੈਂਕਿੰਗ ਅਤੇ ਏਟੀਐੱਮ ਸਰਵਿਸ ਚਾਲੂ ਹੈ।
ਨਥਾਣਾ (ਭਗਵਾਨ ਦਾਸ ਗਰਗ): ਵੱਖ ਵੱਖ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਕੀਤੀ ਹੜਤਾਲ ਕਾਰਨ ਇੱਥੇ ਬੈਕਾਂ ਵਿੱਚ ਕੰਮਕਾਜ ਠੱਪ ਰਿਹਾ।