ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਦਸੰਬਰ
ਸੂਬਾ ਕਮੇਟੀ ਦੀ ਮੀਟਿੰਗ ਨੇ ਆਪਣੇ ਫ਼ੈਸਲੇ ਵਿਚ ਐਲਾਨ ਕੀਤਾ ਹੈ ਕਿ ਸਾਡਾ ਸੰਘਰਸ਼ ਉਨਾ ਚਿਰ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਰਹਿੰਦੀਆਂ ਮੰਗਾ ਕੇਂਦਰ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਪਰ ਇਨ੍ਹਾਂ ਬਾਰੇ ਆਖਰੀ ਫੈਸਲਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਕਰਕੇ ਸਾਰੀਆਂ ਇਕਾਈਆਂ ਨੂੰ ਅਤੇ ਸਮੁੱਚੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੰਘਰਸ਼ ਨੂੰ ਪੂਰੀ ਦ੍ਰਿੜਤਾ ਨਾਲ ਦਿੱਲੀ ਅਤੇ ਬਾਕੀ ਹਿੰਦੁਸਤਾਨ ਦੀਆਂ ਸਾਰੀਆਂ ਥਾਵਾਂ ਉੱਤੇ ਉਸੇ ਤਰ੍ਹਾਂ ਜਾਰੀ ਰੱਖਣ ਜਿਵੇਂ ਹੁਣ ਤੱਕ ਇੱਕ ਸਾਲ ਤੋਂ ਵੱਧ ਸਮੇਂ ਤੋਂ ਲੜਦੇ ਆ ਰਹੇ ਹਨ। ਬੀਕੇਯੂ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਇਹ ਨੋਟਿਸ ਲਿਆ ਹੈ ਕਿ ਕੁਝ ਸਰਕਾਰ ਪੱਖੀ ਅਤੇ ਗੁੰਮਰਾਹਕੁੰਨ ਅਨਸਰਾਂ ਵੱਲੋਂ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੋਰਚਾ ਖਤਮ ਹੋ ਗਿਆ ਹੈ, ਸੂਬਾ ਕਮੇਟੀ ਅਪੀਲ ਕਰਦੀ ਹੈ ਕਿ ਮੋਰਚਾ ਖਿੰਡਾਊ ਤਾਕਤਾਂ ਦੀਆਂ ਇਨ੍ਹਾਂ ਫੁੱਟ ਪਾਊ ਸਾਜਿਸ਼ਾਂ ਤੋਂ ਸਾਵਧਾਨ ਰਹਿਣ ਅਤੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ ਉਨਾ ਚਿਰ ਸੰਘਰਸ਼ ਜਾਰੀ ਰੱਖਣ ਜਦੋਂ ਤੱਕ ਜਥੇਬੰਦੀ ਦੀ ਸੂਬਾ ਕਮੇਟੀ ਤੇ ਸੰਯੁਕਤ ਮੋਰਚੇ ਦਾ ਕਿਸਾਨ ਸੰਘਰਸ਼ ਸਬੰਧੀ ਕੋਈ ਫੈਸਲਾ ਨਹੀਂ ਆ ਜਾਂਦਾ।