ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਲੁਧਿਆਣਾ ਫੇਰੀ ਦੌਰਾਨ ਆਟੋ ਵਾਲਿਆਂ ਨੂੰ ਰਾਹਤ ਦਿੰਦਿਆਂ ਪੁਰਾਣੇ ਚਲਾਨਾਂ ਦੇ ਜੁਰਮਾਨੇ ਮੁਆਫ਼ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਸਬੰਧੀ ਨੋਟੀਫਿਕੇਸ਼ਨ ਹਾਲੇ ਤੱਕ ਜਾਰੀ ਨਹੀਂ ਹੋਇਆ, ਜਿਸ ਕਾਰਨ ਪੁਰਾਣੇ ਜੁਰਮਾਨੇ ਹਾਲੇ ਜਿਉਂ ਦੇ ਤਿਉਂ ਖੜ੍ਹੇ ਹਨ। ਇਸੇ ਦੌਰਾਨ ਅੱਜ ਆਰਟੀਏ ਦਫ਼ਤਰ ਨੇ ਆਟੋ ਦੇ ਪੁਰਾਣੇ ਪੈਂਡਿੰਗ ਕੇਸ ਅਦਾਲਤ ਵਿੱਚ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਆਰਟੀਏ ਦਫ਼ਤਰ ਵਿੱਚ ਸਤੰਬਰ, 2021 ਤੱਕ ਦੇ 50 ਹਜ਼ਾਰ ਤੋਂ ਵੱਧ ਚਲਾਨ ਪੈਂਡਿੰਗ ਪਏ ਹਨ, ਜਿਨ੍ਹਾਂ ਵਿੱਚ ਵਧੇਰੇ ਚਲਾਨ ਆਟੋ ਚਾਲਕਾਂ ਦੇ ਹਨ। ਆਰਟੀਏ ਦਫ਼ਤਰ ਨੇ 30 ਸਤੰਬਰ, 2021 ਤੋਂ ਪਹਿਲਾਂ ਦੇ ਚਲਾਨ ਅਦਾਲਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਅੱਜ ਇੱਕੋ ਦਿਨ ਵਿੱਚ 1960 ਚਲਾਨ ਅਗਲੀ ਕਾਰਵਾਈ ਲਈ ਅਦਾਲਤ ਭੇਜੇ ਹਨ। ਇਸੇ ਤਰ੍ਹਾਂ ਆਰਟੀਏ ਦਫ਼ਤਰ ਦੇ ਮੁਲਾਜ਼ਮਾਂ ਨੇ ਪੈਡਿੰਗ ਚਲਾਨਾਂ ਦੀ ਸੂਚੀ ਤਿਆਰ ਕਰਕੇ ਬੰਡਲ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਜੇ ਆਰਟੀਏ ਦਫ਼ਤਰ ਚਲਾਨ ਅਦਾਲਤ ਵਿੱਚ ਭੇਜਦਾ ਹੈ ਤਾਂ ਆਟੋ ਚਾਲਕਾਂ ਨੂੰ ਚਲਾਨ ਭੁਗਤਣੇ ਪੈਣਗੇ।
ਆਟੋ ਯੂਨੀਅਨ ਦੇ ਦਬਾਅ ਹੇਠ 10 ਆਟੋ ਛੱਡੇ ਪਰ ਚਲਾਨ ਹਾਲੇ ਵੀ ਖੜ੍ਹੇ
ਆਰਟੀਏ ਦਫ਼ਤਰ ਦੀ ਕਾਰਵਾਈ ਤੋਂ ਔਖੇ ਆਟੋ ਚਾਲਕਾਂ ਨੇ ਅੱਜ ਆਟੋ ਰਿਕਸ਼ਾ ਵਰਕਰਸ ਫੈਡਰੇਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਮਾਮਾ ਦੀ ਅਗਵਾਈ ਹੇਠ ਆਰਟੀਏ ਦਫ਼ਤਰ ਵਿੱਚ ਪ੍ਰਦਰਸ਼ਨ ਕਰਦਿਆਂ ਸੰਘਰਸ਼ ਦੀ ਚਿਤਾਵਨੀ ਦਿੱਤੀ। ਇਸ ਉਪਰੰਤ ਆਰਟੀਏ ਦਫ਼ਤਰ ਨੇ ਬਿਨਾਂ ਨੋਟੀਫਿਕੇਸ਼ਨ ਦੇ ਕਾਗਜ਼ਾਂ ’ਤੇ ਹਸਤਾਖਰ ਕਰ ਕੇ ਕਾਗਜ਼ਾਤ ਨਾ ਹੋਣ ਕਾਰਨ ਜ਼ਬਤ ਕੀਤੇ 10 ਆਟੋ ਛੱਡ ਦਿੱਤੇ। ਉਹ ਪਿਛਲੇ ਕਈ ਦਿਨਾਂ ਤੋਂ ਆਰਟੀਏ ਦਫ਼ਤਰ ਦੇ ਚੱਕਰ ਕੱਟ ਰਹੇ ਸਨ।