ਸਰਬਜੀਤ ਸਿੰਘ ਭੰਗੂ /ਮੁਖਤਿਆਰ ਸਿੰਘ ਨੌਗਾਵਾਂ
ਪਟਿਆਲਾ /ਦੇਵੀਗੜ੍ਹ, 30 ਦਸੰਬਰ
ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸਨੌਰ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਦੇਵੀਗੜ੍ਹ ਵਿੱਚ ਕਰਵਾਈ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ‘ਪੰਜਾਬ ਮਾਡਲ’ ਜਿਥੇ ਭ੍ਰਿਸਟਾਚਾਰ ਤੋਂ ਰਹਿਤ ਸਾਸ਼ਨ ਦੇਵੇਗਾ, ਉਥੇ ਹੀ ਇਸ ਦੌਰਾਨ ਪੰਚਾਇਤਾਂ ਵੀ ਖੁਦਮੁਖਤਿਆਰ ਹੋਣਗੀਆਂ। ਭਾਜਪਾ ’ਚ ਜਾ ਰਹੇ ਆਗੂਆਂ ਨੂੰ ਚੱਲੇ ਹੋਏ ਕਾਰਤੂਸ ਗਰਦਾਨਦਿਆਂ, ਉਨ੍ਹਾਂ ਨੇ ਤੁਕਬੰਦੀ ਦੇ ਲਹਿਜ਼ੇ ਵਿੱਚ ਕਿਹਾ ਕਿ ‘ਪਹਿਲਾਂ ਕੈਪਟਨ ਲਾਹਿਆ ਤੇ ਫੇਰ ਮਜੀਠੀਆ ਭਜਾਇਆ, ਬੱਸ ਹੁਣ ਸੁਖਬੀਰ ਦਾ ਨੰਬਰ ਵੀ ਆਇਆ।’ ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਸੁਖਬੀਰ ਵਰਗਾ ਹੀ ਗੱਪੀ ਹੈ ਤੇ ਝਾੜੂ ਤਾਂ ਮੁਰਗੀ ਦੇ ਖੰਭਾਂ ਵਾਂਗੂੰ ਖਿੱਲਰ ਜਾਵੇਗਾ। ਸ੍ਰੀ ਸਿੱਧੂ ਨੇ ਕਿਹਾ ਕਿ ਹੈਰੀਮਾਨ 40 ਹਜ਼ਾਰ ਦੀ ਲੀਡ ਨਾਲ਼ ਜਿੱਤੇਗਾ। ਅਧਿਆਪਕਾਂ ਅਤੇ ਕੰਟਰੈਕਟ ਆਧਾਰਤ ਕਰਮਚਾਰੀਆਂ ਨੂੰ ਰੈਗੂਲਰ ਕਰਨ ’ਤੇ ਜ਼ੋਰ ਦਿੰਦਿਆਂ, ਨਵਜੋਤ ਸਿੱਧੂ ਦਾ ਕਹਿਣਾ ਸੀ ਕਿ ਇਸ ’ਤੇ 3000 ਕਰੋੜ ਰੁਪਏ ਖਰਚ ਆਉਣਗੇ ਤੇ ਇਹ ਰਕਮ ਮਾਫੀਆ ਨੂੰ ਖਤਮ ਕਰਕੇ ਇਕੱਠੀ ਕੀਤੀ ਜਾਵੇਗੀ। ਇਸ ਮੌਕੇ ਠੇਕਾ ਆਧਾਰਤ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਸਮਾਣਾ (ਸੁਭਾਸ਼ ਚੰਦਰ): ਪਿੰਡ ਖੇੜੀ ਫੱਤਨ ਵਿੱਚ ਪ੍ਰਧਾਨ ਰਸ਼ਮਿੰਦਰ ਸਿੰਘ ਖੇੜੀ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਪਟਿਆਲਾ ਦੀ ਅਗਵਾਈ ਵਿਚ ਰੱਖੀ ਗਈ ਪੰਚਾਂ-ਸਰਪੰਚਾਂ ਅਤੇ ਕਾਂਗਰਸ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਰੀਬ ਡੇਢ ਸਾਲ ਦਿੱਲੀ ਦੀਆਂ ਬਰੂਹਾਂ ’ਤੇ ਬਿਠਾ ਕੇ ਜ਼ਲੀਲ ਕੀਤਾ ਜਿਸ ਵਿਚ 750 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ। ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਕਰਕੇ ਕਿਸਾਨਾਂ ਨੂੰ ਭਰਮਾਉਣ ਲਈ ਹੁਣ ਉਸ ਨੂੰ ਪੰਜਾਬ ਦੀ ਯਾਦ ਆ ਰਹੀ ਹੈ।