ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਨਵੰਬਰ
ਦਿੱਲੀ ਸਰਕਾਰ ਨੇ ਐਤਵਾਰ ਸ਼ਾਮ ਨੰਗਲੋਈ ਵਿੱਚ ਪੰਜਾਬੀ ਬਸਤੀ ਮਾਰਕੀਟ ਅਤੇ ਜਨਤਾ ਮਾਰਕੀਟ ਨੂੰ ਬੰਦ ਕਰਨ ਦੇ ਦਿੱਤੇ ਹੁਕਮ ਵਾਪਸ ਲੈ ਲਏ ਹਨ। ਪੱਛਮੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਕੱਲ੍ਹ ਸ਼ਾਮੀਂ ਸਥਿਤੀ ਬਦਤਰ ਹੋ ਗਈ ਸੀ। ਗਲੀਆਂ ਵਿੱਚ ਭਾਰੀ ਭੀੜ ਸੀ ਤੇ ਕਰੋਨਾ ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਪੱਛਮੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਗਲੀ ਵਿਕਰੇਤਾਵਾਂ ਨੂੰ ਉਥੋਂ ਹਟਾ ਦਿੱਤਾ ਗਿਆ ਹੈ। ਦੁਕਾਨਦਾਰਾਂ ਨੂੰ ਮਾਸਕ ਪਹਿਨਣ ਅਤੇ ਦੋ ਗਜ਼ ਦੀ ਦੂਰੀ ਨੇਮ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਮਾਰਕੀਟ ਨੂੰ ਬੰਦ ਕਰਨ ਦਾ ਆਦੇਸ਼ ਕੱਲ੍ਹ ਸ਼ਾਮੀਂ ਜਾਰੀ ਕੀਤਾ ਗਿਆ ਸੀ, ਜਿਸ ਨੂੰ ਵਾਪਸ ਲੈ ਲਿਆ ਗਿਆ ਹੈ। ਦਿੱਲੀ ਪੁਲੀਸ ਨੇ 1500 ਤੋਂ ਵੱਧ ਲੋਕਾਂ ਦੇ ਬਿਨਾਂ ਮਾਸਕ ਦੇ ਚਲਾਨ ਕੱਟੇ ਹਨ। ਹਰਿਆਣਾ ਦੀ ਫਰੀਦਾਬਾਦ ਤੇ ਗੁਰੂਗ੍ਰਾਮ ਦੀਆਂ ਹੱਦਾਂ ’ਤੇ ਕਰੋਨਾ ਜਾਂਚ ਕੀਤੀ ਜਾ ਰਹੀ ਹੈ।