ਪੱਤਰ ਪ੍ਰੇਰਕ
ਪਾਤੜਾਂ, 11 ਅਗਸਤ
ਇੱਥੇ ਪ੍ਰਾਚੀਨ ਮੰਦਰ ਪਾਤੜਾਂ ਵਿੱਚ ਬਣੀ ਏਅਰਕੰਡੀਸ਼ਨ ਧਰਮਸ਼ਾਲਾ ਵਿੱਚ ਇਕ ਬਜ਼ੁਰਗ ਦੇ ਭੋਗ ਮਗਰੋਂ ਮੰਦਰ ਕਮੇਟੀ ਦੇ ਆਗੂਆਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਧਰਮਸ਼ਾਲਾ ਦੇ ਕਿਰਾਏ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਕੁਝ ਲੋਕ ਕਮੇਟੀ ਦੇ ਪ੍ਰਧਾਨ ਦੇ ਲੜਕੇ ਦੀ ਕੁੱਟਮਾਰ ਕਰਦੇ ਤੇ ਦਫ਼ਤਰ ਦੇ ਦਰਵਾਜ਼ਿਆਂ ਦੀ ਭੰਨ੍ਹਤੋੜ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਜ਼ਖਮੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲੀਸ ਨੇ ਅਣਪਛਾਤਿਆਂ ਸਣੇ 18 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਦੂਜੀ ਧਿਰ ਨੇ ਦਰਜ ਕੀਤੇ ਕੇਸ ਨੂੰ ਉਨ੍ਹਾਂ ਨਾਲ ਧੱਕਾ ਕਰਾਰ ਦਿੱਤਾ ਹੈ।
ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਭਗਵਤ ਦਿਆਲ ਨਿੱਕਾ ਨੇ ਦੱਸਿਆ ਕਿ ਪਾਤੜਾਂ ਦੇ ਇਕ ਪਰਿਵਾਰ ਨੇ ਬਜ਼ੁਰਗ ਦੀ ਮੌਤ ਤੋਂ ਬਾਅਦ ਭੋਗ ਦਾ ਸਮਾਗਮ ਧਰਮਸ਼ਾਲਾ ਵਿੱਚ ਕੀਤਾ। ਸਮਾਗਮ ਉਪਰੰਤ ਧਰਮਸ਼ਾਲਾ ਦੇ ਰੱਖ ਰਖਾਓ ਲਈ ਤੈਅ ਕੀਤੀ ਫੀਸ ਨੂੰ ਲੈ ਕੇ ਪਰਿਵਾਰ ਦੇ ਮੋਹਰੀ ਵਿਅਕਤੀ ਮੈਨੇਜਰ ਨਾਲ ਬਹਿਸਣ ਲੱਗੇ ਤਾਂ ਮੈਨੇਜਰ ਦੇ ਫ਼ੋਨ ’ਤੇ ਕਮੇਟੀ ਮੈਂਬਰਾਂ ਸਮੇਤ ਉਹ ਧਰਮਸ਼ਾਲਾ ਵਿੱਚ ਪੁੱਜੇ। ਇਸ ਦੌਰਾਨ ਅੰਮ੍ਰਿਤਪਾਲ ਅਤੇ ਉਸ ਦੇ ਲੜਕੇ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਕੋਲੋਂ ਛੁੱਟ ਕੇ ਉਸ ਨੇ ਦਫ਼ਤਰ ਵਿੱਚ ਵੜ ਕੇ ਦਰਵਾਜ਼ਾ ਬੰਦ ਕਰ ਲਿਆ ਤਾਂ ਉਹ ਦਰਵਾਜ਼ੇ ਦੀ ਭੰਨ੍ਹਤੋੜ ਕਰਨ ਲੱਗੇ । ਇਸੇ ਦੌਰਾਨ ਉਸ ਦਾ ਲੜਕਾ ਜਦੋਂ ਸ਼ਿਵ ਮੰਦਰ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਗੰਭੀਰ ਜ਼ਖ਼ਮੀ ਹੋਏ ਉਸ ਦੇ ਲੜਕੇ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉੱਧਰ, ਦੂਜੀ ਧਿਰ ’ਚੋਂ ਅੰਕਿਤ ਕੁਮਾਰ ਨੇ ਕਿਹਾ ਕਿ ਪਹਿਲਾਂ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਨੇ ਬਜ਼ੁਰਗਾਂ ਨੂੰ ਗ਼ਲਤ ਸ਼ਬਦਾਵਲੀ ਵਰਤਦਿਆਂ ਗਾਲ੍ਹੀ ਗਲੋਚ ਕੀਤਾ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਉਨ੍ਹਾਂ ਵੱਲੋਂ ਨਹੀਂ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਬਾਅ ਪਾ ਕੇ ਉਨ੍ਹਾਂ ਉੱਤੇ ਝੂਠਾ ਕੇਸ ਦਰਜ ਕਰਵਾ ਦਿੱਤਾ ਗਿਆ ਹੈ ਜੋ ਕਿ ਸਰਾਸਰ ਧੱਕਾ ਹੈ। ਪਾਤੜਾਂ ਸ਼ਹਿਰੀ ਚੌਕੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਭਗਵਤ ਦਿਆਲ ਨਿੱਕਾ ਦੇ ਬਿਆਨਾਂ ’ਤੇ ਅੰਕਿਤ ਕੁਮਾਰ, ਕਾਕਾ ਰਾਮ, ਅੰਮ੍ਰਿਤ ਲਾਲ, ਰਾਕੇਸ਼ ਕੁਮਾਰ, ਰੋਹਿਤ ਕੁਮਾਰ ਅਤੇ ਮੱਖਣ ਲਾਲ ਸਣੇ 12 ਕੁ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।