ਗੁਰਮੀਤ ਸਿੰਘ*
ਗੇਰੂ ਹਿੱਕੀ ਨੀਲੀ ਟਿਕਟਿਕੀ ਬਹੁਤ ਪਿਆਰਾ ਪੰਛੀ ਹੈ। ਇਹ ਉਡਾਰੂ ਮਾਰੂ ਪੰਛੀ (ਫਲਾਈਕੈਚਰ) ਪਰਿਵਾਰ ਦਾ ਇੱਕ ਛੋਟਾ ਜਿਹਾ ਰੁੱਖਾਂ ਦੀਆਂ ਟਾਹਣੀਆਂ ’ਤੇ ਬੈਠਣ ਵਾਲਾ (ਪਰਚਿੰਗ ਬਰਡ) ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਟਿਕਲਜ ਬਲੂ ਫਲਾਈਕੈਚਰ’ (Tickell’s blue flycatcher) ਅਤੇ ਹਿੰਦੀ ਵਿੱਚ ਸਿਆਮ ਚਿੜੀ ਕਹਿੰਦੇ ਹਨ। ਇਹ ਪ੍ਰਜਾਤੀ ਭਾਰਤ, ਸ੍ਰੀਲੰਕਾ ਤੋਂ ਇੰਡੋਨੇਸ਼ੀਆ ਤੱਕ ਗਰਮ ਦੇਸ਼ਾਂ ਵਿੱਚ ਮਿਲਦੀ ਹੈ। ਇਹ ਲਗਭਗ 11-12 ਸੈਂਟੀਮੀਟਰ ਲੰਬਾ ਹੁੰਦਾ ਹੈ। ਇਸ ਪੰਛੀ ਦਾ ਭਾਰ 8 ਤੋਂ 10 ਗ੍ਰਾਮ ਤੱਕ ਹੁੰਦਾ ਹੈ। ਨਰ ਦਾ ਉੱਪਰਲਾ ਹਿੱਸਾ ਚਮਕਦਾਰ ਨੀਲੇ ਰੰਗ ਦਾ ਹੁੰਦਾ ਹੈ। ਇਸ ਦਾ ਗਲਾ ਅਤੇ ਛਾਤੀ ਲਾਲ ਹੁੰਦੀ ਹੈ ਅਤੇ ਬਾਕੀ ਦੇ ਹੇਠਲੇ ਹਿੱਸੇ ਚਿੱਟੇ ਹੁੰਦੇ ਹਨ। ਮਾਦਾ ਧੁੰਦਲੇ, ਭੂਰੇ ਨੀਲੇ ਰੰਗ ਦੀ ਹੁੰਦੀ ਹੈ। ਉਹ ਜੰਗਲਾਂ ਦੇ ਨਿਵਾਸ ਸਥਾਨਾਂ ਅਤੇ ਸੰਘਣੀਆਂ ਝਾੜੀਆਂ ਵਿੱਚ ਮਿਲਦੇ ਹਨ। ਇਸ ਦਾ ਨਾਮ ਬ੍ਰਿਟਿਸ਼ ਪੰਛੀ ਵਿਗਿਆਨੀ ਸੈਮੂਅਲ ਟਿਕਲ ਦੀ ਯਾਦ ਵਿੱਚ ਰੱਖਿਆ ਗਿਆ ਹੈ, ਜਿਸ ਨੇ ਭਾਰਤ ਅਤੇ ਬਰਮਾ ਵਿੱਚ ਇਸ ਦੀ ਖੋਜ ਕੀਤੀ ਸੀ।
ਇਹ ਪੰਛੀ ਕੀੜੇ ਮਕੌੜੇ ਖਾਂਦੇ ਹਨ। ਇਨ੍ਹਾਂ ਨੂੰ ਉੱਡਣ ਵਾਲੇ ਕੀੜਿਆਂ ਤੋਂ ਇਲਾਵਾ ਕਦੇ-ਕਦਾਈਂ ਰੀਂਘਣ ਵਾਲੇ ਕੀੜੇ ਚੁਗਦੇ ਹੋਏ ਵੀ ਵੇਖਿਆ ਗਿਆ ਹੈ। ਇਹ ਚੇਤੰਨ ਰਹਿਣ ਵਾਲਾ ਪੰਛੀ ਹੈ ਅਤੇ ਛੋਟੇ ਬਾਗ-ਬਗੀਚਿਆਂ ਵਿੱਚ ਵੀ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਹ ਵਣ ਖੇਤਰਾਂ ਨੂੰ ਪਿਆਰ ਕਰਨ ਵਾਲੀ ਪ੍ਰਜਾਤੀ ਹੈ ਜੋ ਸੰਘਣੀਆਂ ਅਤੇ ਛਾਂਦਾਰ ਥਾਵਾਂ ਵਿੱਚ ਪਾਈ ਜਾਂਦੀ ਹੈ, ਇਹ ਖਾਸ ਤੌਰ ’ਤੇ ਵਣ ਖੇਤਰਾਂ ਵਿੱਚ ਪਾਣੀ ਦੇ ਸੋਮਿਆਂ ਦੇ ਕਿਨਾਰਿਆਂ ’ਤੇ ਮਿਲਦੀ ਹੈ। ਇਨ੍ਹਾਂ ਨੂੰ ਅੱਜਕੱਲ੍ਹ ਕੂੜੇ ਦੇ ਢੇਰਾਂ ਦੁਆਲੇ ਵੀ ਦੇਖਿਆ ਜਾ ਸਕਦਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਹ ਮੁੱਖ ਤੌਰ ’ਤੇ ਕੀੜੇ-ਮਕੌੜਿਆਂ ਨੂੰ ਉੱਡਦੇ ਹੋਏ ਫੜ ਕੇ ਖਾਂਦੇ ਹਨ। ਇਨ੍ਹਾਂ ਦੇ ਸ਼ਿਕਾਰ ਵਿੱਚ ਕਈ ਤਰ੍ਹਾਂ ਦੇ ਕੀੜੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਸਿਉਂਕ ਆਦਿ।
ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਅਪਰੈਲ ਤੋਂ ਅਗਸਤ ਤੱਕ ਹੁੰਦਾ ਹੈ। ਇਹ ਦਰੱਖਤ ਜਾਂ ਚੱਟਾਨਾਂ ਦੇ ਵਿਚਕਾਰ ਇੱਕ ਮੋਰੀ ਵਿੱਚ ਆਲ੍ਹਣਾ ਬਣਾਉਂਦੇ ਹਨ ਜੋ ਬਾਰੀਕ ਘਾਹ ਅਤੇ ਰੇਸ਼ਿਆਂ ਨਾਲ ਕਤਾਰਬੱਧ ਹੁੰਦਾ ਹੈ। ਮਾਦਾ ਇਸ ਵਿੱਚ 3-5 ਆਂਡੇ ਦਿੰਦੀ ਹੈ।
ਇਹ ਪੰਛੀ ਵੱਖ- ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਕੇ ਸੰਚਾਰ ਕਰਦੇ ਹਨ। ਇਨ੍ਹਾਂ ਵਿੱਚ ਕਈ ਵਾਰ ‘ਚੁਰਰ ਚੂਰ’ ਦੀ ਆਵਾਜ਼ ਆਉਂਦੀ ਹੈ।
ਨੀਲੀ ਟਿਕਟਿਕੀ ਨੂੰ ਆਈ.ਯੂ.ਸੀ.ਐੱਨ. ਵੱਲੋਂ ਲਾਲ ਖ਼ਤਰੇ ਵਾਲੀਆਂ ਪ੍ਰਜਾਤੀਆਂ ਦੀ ਸੂਚੀ ਤਹਿਤ ਸਭ ਤੋਂ ਘੱਟ ਚਿੰਤਾ ਵਾਲੀਆਂ ਪ੍ਰਜਾਤੀਆਂ ਵਜੋਂ ਸੂਚੀਬੱਧ ਕੀਤਾ ਗਿਆ ਹੈ। ਹਾਲਾਂਕਿ ਇਸ ਪੰਛੀ ਨੂੰ ਕੋਈ ਵੱਡਾ ਖਤਰਾ ਨਹੀਂ ਹੈ, ਪਰ ਅਨੁਕੂਲ ਨਿਵਾਸ ਸਥਾਨ ਦੇ ਨੁਕਸਾਨ ਦੇ ਕਾਰਨ ਇਹ ਕੂੜੇ ਦੇ ਸਥਾਨਾਂ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910