ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ‘ਪੱਤਰਕਾਰ ਅਤਿਵਾਦੀ ਨਹੀਂ ਹਨ।’ ਸਿਖ਼ਰਲੀ ਅਦਾਲਤ ਨੇ ਝਾਰਖੰਡ ਪੁਲੀਸ ਦੀ ਕਾਰਵਾਈ ਦੇ ਇਕ ਮਾਮਲੇ ਉਤੇ ਸੁਣਵਾਈ ਕਰਦਿਆਂ ਇਹ ਟਿੱਪਣੀ ਕੀਤੀ। ਵੇਰਵਿਆਂ ਮੁਤਾਬਕ ਪੁਲੀਸ ਨੇ ਇਕ ਹਿੰਦੀ ਖ਼ਬਰ ਚੈਨਲ ਦੇ ਪੱਤਰਕਾਰ ਨੂੰ ਅੱਧੀ ਰਾਤ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਇਕ ਕੇਸ ਵਿਚ ਫਿਰੌਤੀ ਮੰਗਣ ਦੇ ਦੋਸ਼ ਲਾਏ ਗਏ ਸਨ। ਅਦਾਲਤ ਨੇ ਪੁਲੀਸ ਦੀ ਕਾਰਵਾਈ ਨੂੰ ‘ਸਰਕਾਰ ਦੀ ਧੱਕੇਸ਼ਾਹੀ’ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਝਾਰਖੰਡ ਵਿਚ ‘ਕਾਨੂੰਨ-ਵਿਵਸਥਾ’ ਨਹੀਂ ਹੈ। ਬੈਂਚ ਨੇ ਕਿਹਾ ਕਿ ਪੱਤਰਕਾਰ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਤੇ ਉਹ ਇਸ ਵਿਚ ਦਖ਼ਲ ਨਹੀਂ ਦੇਣਗੇ। -ਪੀਟੀਆਈ