ਸ੍ਰੀਨਗਰ, 5 ਨਵੰਬਰ
ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹਿੰਸਾ ਦੀਆਂ ਚਾਰ ਵੱਖੋ-ਵੱਖਰੀਆਂ ਘਟਨਾਵਾਂ, ਜਿਨ੍ਹਾਂ ’ਚੋਂ ਦੋ ਮੁਕਾਬਲੇ ਸਨ, ਵਿੱਚ ਇਕ ਆਮ ਨਾਗਰਿਕ ਹਲਾਕ ਤੇ ਤਿੰਨ ਹੋਰ ਜਖ਼ਮੀ ਹੋ ਗਏ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਤਰਾਲ ਖੇਤਰ ਦੇ ਪੰਜ਼ਵਾ ਪਿੰਡ ਵਿੱਚ ਦੁਕਾਨਦਾਰ ਮੁਹੰਮਦ ਅਯੂਬ ਅਹੰਗਰ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਇਸ ਦੌਰਾਨ ਇਕ ਹੋਰ ਘਟਨਾ ਵਿੱਚ ਕਾਕਾਪੋਰਾ ਖੇਤਰ ਦੇ ਵਾਨਪੋਰਾ ਵਿੱਚ ਦਹਿਸ਼ਤਗਰਦਾਂ ਨੇ ਟੈਕਸੀ ਡਰਾਈਵਰ ਮੁਹੰਮਦ ਅਸਲਮ ਨੂੰ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ। ਅਸਲਮ ਦੀ ਖੱਬੀ ਬਾਂਹ ’ਚ ਗੋਲੀ ਲੱਗੀ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਪੁਲਵਾਮਾ ਦੇ ਪਾਂਪੌਰ ਵਿੱਚ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਵਿੱਚ ਹੋਏ ਇਕ ਮੁਕਾਬਲੇ ਵਿੱਚ ਦੋ ਅਣਪਛਾਤੇ ਵਿਅਕਤੀ ਜ਼ਖ਼ਮੀ ਹੋ ਗਏ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਪਾਂਪੌਰ ਵਿੱਚ ਲਾਲਪੋਰਾ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਸੂਹ ਮਿਲਣ ’ਤੇ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭੀ ਸੀ। ਇਸ ਦੌਰਾਨ ਦਹਿਸ਼ਤਗਰਦਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਧਰ ਪਾਂਪੌਰ ਦੇ ਮੀਜ ਖੇਤਰ ਵਿੱਚ ਵੀ ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। -ਪੀਟੀਆਈ