ਨਵੀਂ ਦਿੱਲੀ, 16 ਅਪਰੈਲ
ਅਮਰੀਕਾ ਵੱਲੋਂ ਅਫ਼ਗਾਨਿਸਤਾਨ ਵਿਚੋਂ ਫ਼ੌਜ ਪੂਰੀ ਤਰ੍ਹਾਂ ਕੱਢਣ ਦੇ ਐਲਾਨ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਜੰਗ ਨਾਲ ਉਥਲ-ਪੁਥਲ ਦਾ ਸ਼ਿਕਾਰ ਹੋਏ ਮੁਲਕ ’ਚ ਚੁੱਕਿਆ ਜਾਣ ਵਾਲਾ ਇਹ ਵੱਡਾ ਕਦਮ ਹੋਵੇਗਾ। ਜੈਸ਼ੰਕਰ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਇਸ ਖੇਤਰ ਵਿਚ ਮੁਲਕ ਇਕਜੁੱਟ ਹੋ ਕੇ ਕੰਮ ਕਰਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਹੜਾ ਰਾਹ ਫੜਿਆ ਗਿਆ ਹੈ ਉਹ ਸਹੀ ਹੈ ਤੇ ਅਫ਼ਗਾਨ ਲੋਕਾਂ ਲਈ ਇਸ ਦੇ ਚੰਗੇ ਸਿੱਟੇ ਨਿਕਲਣਗੇ। ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ਼ ਤੇ ਅਫ਼ਗਾਨ ਕੌਮੀ ਸੁਰੱਖਿਆ ਸਲਾਹਕਾਰ ਹਮਦੁੱਲ੍ਹਾ ਮੋਹਬਿ ਨਾਲ ‘ਰਾਇਸੀਨਾ ਡਾਇਲਾਗ’ ਵਿਚ ਗੱਲਬਾਤ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਅਫ਼ਗਾਨਿਸਤਾਨ ਨੂੰ ‘ਦੋਹਰੀ ਸ਼ਾਂਤੀ’ ਦੀ ਲੋੜ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਫ਼ਗਾਨ ਲੋਕਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਭਾਰਤ ਕੋਲ ਜੋ ਹੋ ਸਕੇਗਾ, ਉਹ ਆਪਣੀ ਤਾਕਤ ਤੇ ਰਸੂਖ਼ ਨਾਲ ਕਰੇਗਾ। ਜੈਸ਼ੰਕਰ ਨੇ ਕਿਹਾ ਕਿ ਭਾਰਤ ਹਮੇਸ਼ਾ ਇਸ ਗੱਲ ਦਾ ਹਾਮੀ ਰਿਹਾ ਹੈ ਕਿ ਸ਼ਾਂਤੀ ਪ੍ਰਕਿਰਿਆ ‘ਅਫ਼ਗਾਨਾਂ ਦੀ ਅਗਵਾਈ ਵਿਚ, ਉਨ੍ਹਾਂ ਦੇ ਅਧੀਨ ਤੇ ਉਨ੍ਹਾਂ ਦੇ ਕਾਬੂ ਵਿਚ ਸਿਰੇ ਚੜ੍ਹਨੀ ਚਾਹੀਦੀ ਹੈ।’ -ਪੀਟੀਆਈ
‘ਅਮਰੀਕੀ ਫ਼ੌਜ ਦੇ ਜਾਣ ਮਗਰੋਂ ਤਾਲਿਬਾਨ ਕੋਲ ਹਿੰਸਾ ਲਈ ਕਾਰਨ ਨਹੀਂ ਹੋਵੇਗਾ’
ਅਫ਼ਗਾਨ ਕੌਮੀ ਸੁਰੱਖਿਆ ਸਲਾਹਕਾਰ (ਐਨਐੱਸਏ) ਹਮਦੁੱਲ੍ਹਾ ਮੋਹਬਿ ਨੇ ਇਸ ਮੌਕੇ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਨਾਲ ਵੀ ਗੱਲਬਾਤ ਕੀਤੀ। ਅਫ਼ਗਾਨ ਐਨਐੱਸਏ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਦੌਰਾਨ ਇਕ ਟੀਮ ਬਣਾਈ ਜਾਵੇਗੀ ਜੋ ਕਿ ਅਮਰੀਕਾ ਤੇ ‘ਨਾਟੋ’ ਨਾਲ ਮਿਲ ਕੇ ਫ਼ੌਜਾਂ ਕੱਢਣ ਬਾਰੇ ਯੋਜਨਾਬੰਦੀ ਕਰੇਗੀ। ਉਨ੍ਹਾਂ ਕਿਹਾ ਕਿ ਜੇ ਅਮਰੀਕੀ ਫ਼ੌਜ ਅਫ਼ਗਾਨਿਸਤਾਨ ਵਿਚੋਂ ਚਲੀ ਜਾਵੇਗੀ ਤਾਂ ਤਾਲਿਬਾਨ ਕੋਲ ਹਿੰਸਾ ਕਰਨ ਦਾ ਕੋਈ ਕਾਰਨ ਨਹੀਂ ਬਚੇਗਾ।