ਪੱਤਰ ਪ੍ਰੇਰਕ
ਟੋਹਾਣਾ, 6 ਜੂਨ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿਜ ਦਰਮਿਆਨ ਕੁਰਸੀ ਨੂੰ ਲੈ ਕੇ ਠੰਢੀ ਜੰਗ ਚੱਲ ਰਹੀ ਹੈ। ਇਥੋਂ ਦੇ ਵਿਧਾਇਕ ਦਵਿੰਦਰ ਬਬਲੀ ਤੇ ਕਿਸਾਨਾ ਵਿਚਕਾਰ ਪੰਚਾਇਤੀ ਫੈਸਲੇ ਵਿੱਚ ਨਿਪਟਾਰੇ ਤੋਂ ਬਾਦ ਇਸ ਘਟਨਾ ਵਿੱਚ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਨਾ ਹੋਣ ਤੇ ਕੌਮੀ ਮੋਰਚੇ ਦੇ ਬੁਲਾਰੇ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਪਿੱਛਲੇ 24 ਘੰਟਿਆ ਤੋਂ ਸਦਰ ਥਾਣਾ ਟੋਹਾਣਾ ਦੇ ਗੇਟ ਅੱਗੇ ਕਿਸਾਨਾਂ ਦਾ ਧਰਨਾ ਜਾਰੀ ਹੈ। ਰਾਕੇਸ਼ ਟਿਕੈਤ ਨੇ ਦੇਰ ਸ਼ਾਮ ਨੂੰ ਕਿਹਾ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਹੈ ਤੇ ਉਹ ਪੁਲੀਸ ਤਾਕਤ ਨਾਲ ਕਿਸਾਨਾਂ ਨੂੰ ਦਬਾਉਣ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਧਰਨਾ ਸ਼ਾਂਤੀ ਪੂਰਨ ਢੰਗ ਨਾਲ ਚੱਲੇਗਾ ਪਰ ਭਾਜਪਾ ਸਰਕਾਰ ਕਿਸਾਨ ਨੂੰ ਉਸਦੇ ਆਪਣੇ ਖੇਤ ਵਿੱਚ ਮਜ਼ਦੂਰ ਬਣਾਉਣ ਤੋਂ ਪੁਲੀਸ ਤਾਕਤ ਵਰਤ ਕੇ ਕਾਰਪੋਰੇਟ ਘਰਾਣਿਆਂ ਦੀ ਮਦਦ ਕਰਨ ਦਾ ਹੱਠ ਛੱਡ ਕੇ ਕਿਸਾਨਾ ਦੀਆਂ ਭਾਵਨਾਵਾਂ ਨੂੰ ਸਮਝੇ। ਉਨ੍ਹਾਂ ਕਿਹਾ ਕਿ ਕਿਸਾਨ ਲੰਬੀ ਲੜਾਈ ਲਈ ਤਿਆਰ ਹੈ ਤੇ ਉਹ ਸਮਝ ਚੁੱਕਾ ਹੈ ਕਿ ਜੇਕਰ ਕਿਸਾਨਾਂ ਨੇ ਹੋਂਦ ਬਚਾਉਣੀ ਹੈ ਤਾਂ ਉਸਨੂੰ ਅੰਦੋਲਨਕਾਰੀ ਬਣ ਕੇ ਸੜਕਾਂ ’ਤੇ ਉਤਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿਜ ਦਰਮਿਆਨ ਕੁਰਸੀ ਨੂੰ ਲੈ ਕੇ ਠੰਢੀ ਜੰਗ ਚੱਲ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲ ਟੁੱਟ ਜਾਣ ਤੇ ਖੁਲਾਸਾ ਕੀਤਾ ਕਿ ਸਦਰ ਥਾਣੇ ਦੇ ਘਿਰਾਓ ਨੂੰ ਹਲਕੇ ਵਿੱਚ ਲੈਣ ਵਾਲੇ ਗਲਤੀ ਤੇ ਹੋਣਗੇ। ਦੇਰ ਸ਼ਾਮ ਨੂੰ ਕਿਸਾਨਾਂ ਦੀ ਪੰਚਾਇਤ ਨੇ ਫੈਸਲਾ ਲਿਆ ਕਿ ਸਦਰ ਥਾਣਾ ਟੋਹਾਣਾ ਦੀ ਘੇਰਾਂਬਦੀ ਵਿੱਚ ਜਿਲ੍ਹਾਂ ਫਤਿਹਾਬਾਦ, ਜੀਂਦ, ਸਿਰਸਾ ਤੇ ਹਿਸਾਰ ਦੇ ਕਿਸਾਨ ਪਰਿਵਾਰ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਤਕ ਧਰਨਾ ਚਲਾਉਣਗੇ ਤੇ ਰਾਕੇਸ਼ ਟਿਕੈਤ, ਯੁੱਧਵੀਰ ਸਿੰਘ ਤੇ ਹੋਰ ਕਿਸਾਨ ਆਗੂ ਟੋਹਾਣਾ ਰਹਿਣਗੇ। ਕਿਸਾਨ ਧਰਨੇ ਵਿੱਚ ਖ਼ਾਪ ਪੰਚਾਇਤ ਸੁਰਿੰਦਰ ਸਿੰਘ ਲਿਤਾਨੀ, ਆਜਾਦ ਪਹਿਲਵਾਨ ਜੀਂਦ, ਕਾਲਾ ਪ੍ਰਧਾਨ ਹਿਸਾਰ, ਲੱਖਵਿੰਦਰ ਸਿੰਘ ਸਿਰਸਾ, ਨੈਨ ਖਾਪ ਦੇ ਰੰਗੀਰਾਮ, ਦਨੌਦਾ ਖਾਪ ਦੇ ਪ੍ਰਧਾਨਾਂ ਨੇ ਅਗਲੀ ਸਵੇਰੇ ਤੋਂ ਔਰਤਾਂ ਸਮੇਤ ਸ਼ਾਮਲ ਹੋਣ ਦਾ ਭਰੋਸਾ ਦਿਵਾਇਆ ਹੈ। ਰਾਕੇਸ਼ ਟਿਕੈਤ ਨੇ ਇਥੋਂ ਦੀਆਂ ਕਿਸਾਨਾ ਟੀਮਾਂ ਵੱਲੋ ਚਾਹ-ਨਾਸ਼ਤਾ ਦਾਲ, ਹਲਵਾ, ਚਾਵਲ, ਤਰਬੁਜ, ਲੰਗਰ ਪਾਣੀ ਤੇ ਲੰਗਰ ਵਾਲੀਆਂ ਸਟਾਲਾਂ ਦਾ ਜਾਇਜ਼ਾ ਲਿਆ।