ਨਵੀਂ ਦਿੱਲ, 10 ਅਪਰੈਲ
ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਕਾਵੇਰੀ ਹੋਸਟਲ ਵਿੱਚ ਵਿਦਿਆਰਥੀਆਂ ਦੀਆਂ ਦੋ ਧਿਰਾਂ ਵਿਚਾਲੇ ਅੱਜ ਝੜਪ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ ਹੈ। ਜਵਾਹਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐੱਨਯੂਐੱਸਯੂ) ਨੇ ਦੋਸ਼ ਲਾਇਆ ਕਿ ਏਬਵੀਪੀ ਕਾਰਕੁਨਾਂ ਨੇ ਹੋਸਟਲ ਵਿੱਚ ਵਿਦਿਆਰਥੀਆਂ ਨੂੰ ਮਾਸਾਹਾਰੀ ਭੋਜਨ ਖਾਣ ਤੋਂ ਰੋਕਿਆ ਅਤੇ ਹਿੰਸਾ ਵਾਲਾ ਮਾਹੌਲ ਬਣਾਇਆ। ਉਧਰ, ਏਬੀਵੀਪੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ‘ਖੱਬੇਪੱਖੀਆਂ’ ਵੱਲੋਂ ਰਾਮ ਨੌਮੀ ਮੌਕੇ ਹੋਸਟਲ ਵਿੱਚ ਰੱਖੇ ਪੂਜਾ ਪ੍ਰੋਗਰਾਮ ਵਿੱਚ ਵਿਘਨ ਪਾਇਆ ਗਿਆ। ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਪੱਥਰਬਾਜ਼ੀ ਵੀ ਹੋਈ, ਜਿਸ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਡੀਸੀਪੀ (ਦੱਖਣੀ-ਪੱਛਮੀ) ਮਨੋਜ ਸੀ ਨੇ ਕਿਹਾ ਕਿ ਕੁੱਝ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸਥਿਤੀ ਕਾਬੂ ਹੇਠ ਹੈ। ਦੋਵੇਂ ਧਿਰਾਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੀਆਂ ਹਨ। ਸ਼ਿਕਾਇਤ ਮਿਲਣ ’ਤੇ ਬਣਦੀ ਕਾਰਵਾਈ ਕਰਾਂਗੇ। -ਪੀਟੀਆਈ