ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਈ
ਕੇਂਦਰ ਸਰਕਾਰ ਨੇ ਈਐੱਸਆਈ ਹਸਪਤਾਲ ਨੂੰ ਯੂਟੀ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਹੈ ਜਿੱਥੇ ਕਰੋਨੀ ਪੀੜਤ ਬੱਚਿਆਂ ਦਾ ਇਲਾਜ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਈਐੱਸਆਈ ਹਸਪਤਾਲ ਵਿੱਚ ਪੀਡੀਆਟਰਿਕ ਵਿੰਗ ਹੋਣ ਕਰਕੇ ਬੱਚਿਆਂ ਦਾ ਇਲਾਜ ਸੰਭਵ ਹੈ। ਸ੍ਰੀ ਬਦਨੌਰ ਨੇ ਦੱਸਿਆ ਕਿ ਕਰੋਨਾ ਦੀ ਨਵੀਂ ਲਹਿਰ ਦੀ ਚਪੇਟ ਵਿੱਚ ਬੱਚੇ ਪਾਜ਼ੇਟਿਵ ਪਾਏ ਜਾ ਰਹੇ ਹਨ। ਬੱਚਿਆਂ ਵਿੱਚ ਕਰੋਨਾ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਉਨ੍ਹਾਂ ਕੇਂਦਰ ਸਰਕਾਰ ਤੋਂ ਈਐੱਸਆਈ ਹਸਪਤਾਲ ਵਿੱਚ ਕਰੋਨਾ ਬੱਚਿਆਂ ਲਈ ਦੇਣ ਦੀ ਮੰਗ ਕੀਤੀ ਜਿਸ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਈਐੱਸਆਈ ਹਸਪਤਾਲ ਯੂਟੀ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਹੈ।
ਦੂਜੇ ਪਾਸੇ ਕਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਸੈਕਟਰ-27 ਦੇ ਅਰਬਿੰਦੋ ਸਕੂਲ ਵਿੱਚ ਮਿਨੀ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਹੈ ਜਿੱਥੇ 25 ਬੈੱਡਾਂ ਆਕਸੀਜਨ ਬੈੱਡਾਂ ਦਾ ਪ੍ਰਬੰਧ ਕੀਤਾ ਹੈ। ਇਸ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਅਰਬਿੰਦੋ ਸਕੂਲ ਦੀ ਮੈਨੇਜਮੈਂਟ ਨੇ ਕਰੋਨਾ ਮਰੀਜ਼ਾਂ ਦੀ ਦੇਖਭਾਲ ਲਈ 15 ਨਰਸਾਂ ਦਾ ਸਟਾਫ਼ ਰੱਖਿਆ ਹੈ। ਇਸ ਦੇ ਨਾਲ ਹੀ ਕੋਵਿਡ ਕੇਂਦਰ ਨੂੰ ਡਿਜਿਟਲ ਕਰਨ ਲਈ ਬਡੀ ਕੇਅਰ ਐਪ ਵੀ ਲਾਂਚ ਕੀਤੀ ਹੈ। ਇਸ ਐਪ ’ਤੇ ਮਰੀਜ਼ ਦੀ ਸਥਿਤੀ ਉਸ ਦੇ ਪਰਿਵਾਰਕ ਮੈਂਬਰ ਵੀ ਦੇਖ ਸਕਣਗੇ। ਸ੍ਰੀ ਪਰੀਦਾ ਨੇ ਦੱਸਿਆ ਕਿ ਸ਼ਹਿਰ ਵਿੱਚ ਆਕਸੀਜਨ ਬੈੱਡਾਂ ਦੀ ਕੋਈ ਘਾਟ ਨਹੀਂ ਹੈ। ਸੈਕਟਰ-16 ਅਤੇ 32 ਹਸਪਤਾਲ ਨੇ 25 ਫ਼ੀਸਦ ਹੋਰ ਬੈੱਡਾਂ ਦਾ ਪ੍ਰਬੰਧ ਕੀਤਾ ਹੈ। ਜਦਕਿ ਪੀਜੀਆਈ ਨੇ 200 ਤੋਂ ਵਧਾ ਕੇ 450 ਬੈੱਡ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੀ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤੇ ਜਾ ਰਹੇ ਹਨ। ਜਿੱਥੇ ਕਰੋਨਾ ਮਰੀਜ਼ਾਂ ਦੀ ਇਲਾਜ ਕੀਤਾ ਜਾਵੇਗਾ।