ਪੱਤਰ ਪ੍ਰੇਰਕ
ਪਠਾਨਕੋਟ, 11 ਅਗਸਤ
ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਪੱਥਰਾਂ ਨਾਲ ਭਰੀ ਟਰੈਕਟਰ-ਟਰਾਲੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਆਈਪੀਸੀ ਦੀ ਧਾਰਾ 4 (1) ਏ, 21 (1) ਮਾਈਨਿੰਗ ਐਕਟ 1957 ਤਹਿਤ ਕੇਸ ਦਰਜ ਕੀਤਾ ਹੈ। ਇਹ ਮਾਮਲਾ ਮਾਈਨਿੰਗ ਇੰਸਪੈਕਟਰ ਤੇ ਉਪ ਮੰਡਲ ਮਲਿਕਪੁਰ ਸੰਗਮਦੀਪ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ।
ਆਪਣੀ ਸ਼ਿਕਾਇਤ ਵਿੱਚ ਸੰਗਮਦੀਪ ਸਿੰਘ ਨੇ ਲਿਖਿਆ ਕਿ ਡੇਹਰੀਵਾਲ ਰੋਡ ਨੇੜੇ ਟਰੈਕਟਰ-ਟਰਾਲੀ ਜਿਸ ਵਿੱਚ ਵੱਡੇ ਪੱਥਰ ਲੋਡ ਹਨ, ਨੂੰ ਜ਼ਬਤ ਕੀਤਾ ਗਿਆ। ਏਐੱਸਆਈ ਬਲਵਿੰਦਰ ਕੁਮਾਰ ਪੁਲੀਸ ਪਾਰਟੀ ਸਣੇ ਮੌਕੇ ਉੱਪਰ ਪੁੱਜੇ ਅਤੇ ਉਕਤ ਟਰੈਕਟਰ ਦੇ ਚਾਲਕ ਦਾ ਨਾਂ ਪਤਾ ਪੁੱਛਿਆ ਜਿਸ ਨੇ ਆਪਣਾ ਨਾਂ ਜਗਦੀਪ ਸਿੰਘ ਉਰਫ ਜੱਗੀ ਵਾਸੀ ਮਿਉਂਸਿਪਲ ਕਲੋਨੀ ਪਠਾਨਕੋਟ ਦੱਸਿਆ। ਉਹ ਆਪਣੇ ਟਰੈਕਟਰ-ਟਰਾਲੀ ਵਿੱਚ ਲੋਡ ਕੀਤੇ ਹੋਏ ਪੱਥਰਾਂ ਬਾਰੇ ਕੋਈ ਵੀ ਕਾਗਜ਼ਾਤ ਨਾ ਦਿਖਾ ਸਕਿਆ। ਇਸ ’ਤੇ ਮਾਮਲਾ ਗੈਰਕਾਨੂੰਨੀ ਮਾਈਨਿੰਗ ਦਾ ਹੋਣ ਪਾਇਆ ਗਿਆ।
ਏਐੱਸਆਈ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਜਗਦੀਪ ਸਿੰਘ ਉਰਫ ਜੱਗੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।