ਪਾਲ ਸਿੰਘ ਨੌਲੀ
ਜਲੰਧਰ, 12 ਮਈ
ਅੰਮ੍ਰਿਤਸਰ ਦੇ ਦੋ ਹਸਪਤਾਲਾਂ ਵਿੱਚ ਆਕਸੀਜਨ ਘੱਟ ਹੋ ਜਾਣ ਨਾਲ ਪ੍ਰਬੰਧਕਾਂ ਦੇ ਸਾਹ ਫੁੱਲ ਗਏ। ਇਨ੍ਹਾਂ ਹਸਪਤਾਲਾਂ ਵਿੱਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਤਿੰਨ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਰਾਤ ਭਰ ਕੀਤੇ ਸਿਰਤੋੜ ਯਤਨਾਂ ਨੂੰ ਤੜਕੇ ਬੂਰ ਪਿਆ ਜਦੋਂ ਆਕਸੀਜਨ ਇਨ੍ਹਾਂ ਹਸਪਤਾਲਾਂ ਵਿੱਚ ਪੁੱਜਦੀ ਕੀਤੀ ਗਈ।
ਜਾਣਕਾਰੀ ਮੁਤਾਬਕ ਦੋ ਹਸਪਤਾਲਾਂ ਵੱਲੋਂ ਆਕਸੀਜਨ ਦੀ ਘਾਟ ਬਾਰੇ ਸੂਚਨਾ ਦੇਣ ’ਤੇ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਡਾ. ਹਿਮਾਂਸ਼ੂ ਅਗਰਵਾਲ ਨੇ ਮੰਗਲਵਾਰ ਦੇਰ ਰਾਤ ਚੰਡੀਗੜ੍ਹ ਆਕਸੀਜਨ ਕੰਟਰੋਲ ਰੂਮ ਦੀਆਂ ਹਦਾਇਤਾਂ ’ਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਆਕਸੀਜਨ ਦੀ ਸਪਲਾਈ ਲਈ ਫੋਨ ਕੀਤਾ। ਇੱਕ ਤਕਨੀਕੀ ਮਾਹਿਰ, ਜੋ ਟੈਂਕ ਤੋਂ ਟੈਂਕਰ ’ਚ ਗੈਸ ਸ਼ਿਫਟਿੰਗ ਦਾ ਕੰਮ ਕਰ ਸਕਦਾ ਸੀ, ਦੀ ਗੈਰਹਾਜ਼ਰੀ ਕਾਰਨ ਅੰਮ੍ਰਿਤਸਰ ਨੂੰ ਆਕਸੀਜਨ ਦੀ ਸਪਲਾਈ ਵਿੱਚ ਚੁਣੌਤੀ ਪੇਸ਼ ਆਈ, ਜਿਸ ’ਤੇ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਵੱਲੋਂ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ ਸਾਰੰਗਲ ਨੂੰ ਇੱਕ ਤਕਨੀਕੀ ਮਾਹਿਰ ਲੱਭਣ ਲਈ ਕਿਹਾ ਗਿਆ। ਸ੍ਰੀ ਸਾਰੰਗਲ ਨੇ ਤੁਰੰਤ ਕਾਰਵਾਈ ਕਰਦਿਆਂ ਐੱਸਡੀਐੱਮ ਡਾ. ਜੈ ਇੰਦਰ ਸਿੰਘ ਅਤੇ ਡੀਆਈਸੀ ਦੇ ਜੀਐੱਮ ਦੀਪ ਸਿੰਘ ਨਾਲ ਮਿਲ ਕੇ ਪਿਮਜ਼ ਦੇ ਤਕਨੀਕੀ ਮਾਹਿਰ ਰਸ਼ਪਾਲ ਨੂੰ ਲੱਭਿਆ ਅਤੇ ਇੱਕ ਟੀਮ ਵੱਲੋਂ ਉਨ੍ਹਾਂ ਦੇ ਘਰ ਤੜਕੇ ਕਰੀਬ 2.45 ਵਜੇ ਸੰਪਰਕ ਕੀਤਾ ਗਿਆ।
ਪ੍ਰਸ਼ਾਸਨ ਦੀ ਟੀਮ ਵੱਲੋਂ ਉਨ੍ਹਾਂ ਨੂੰ ਸਾਰੀ ਸਥਿਤੀ ਸਮਝਾਉਣ ਉਪਰੰਤ ਹੁਸ਼ਿਆਰਪੁਰ ਵਿੱਚ ਇਹ ਅਹਿਮ ਅਭਿਆਸ ਕਰਨ ਦੀ ਬੇਨਤੀ ਕੀਤੀ ਗਈ, ਜਿਸ ਤੋਂ ਬਾਅਦ ਟੀਮ ਵੱਲੋਂ ਉਨ੍ਹਾਂ ਲਈ ਇੱਕ ਵਾਹਨ ਅਤੇ ਲੌਜਿਸਟਿਕ ਸਹਾਇਤਾ ਦਾ ਪ੍ਰਬੰਧ ਵੀ ਕੀਤਾ ਗਿਆ। ਸ੍ਰੀ ਰਸ਼ਪਾਲ ਤੁਰੰਤ ਹੁਸ਼ਿਆਰਪੁਰ ਆਕਸੀਜਨ ਪਲਾਂਟ ਲਈ ਰਵਾਨਾ ਹੋ ਗਏ, ਜਿੱਥੇ ਉਨ੍ਹਾਂ ਇੱਕ ਘੰਟੇ ਦੇ ਅੰਦਰ ਟੈਂਕ ਤੋਂ ਟੈਂਕਰ ਆਕਸੀਜਨ ਡਿਕੈਂਟਿੰਗ (ਸ਼ਿਫਟਿੰਗ) ਸ਼ੁਰੂ ਕਰ ਦਿੱਤੀ ਅਤੇ 5 ਮੀਟ੍ਰਿਕ ਟਨ ਤਰਲ ਆਕਸੀਜਨ ਦੀ ਸਪਲਾਈ ਬੁੱਧਵਾਰ ਸਵੇਰੇ 4 ਵਜੇ ਅੰਮ੍ਰਿਤਸਰ ਲਈ ਰਵਾਨਾ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਮਨੁੱਖੀ ਜਾਨਾਂ ਬਚਾਉਣਾ ਕਿਸੇ ਵੀ ਚੀਜ਼ ਨਾਲੋਂ ਸਰਬਉੱਤਮ ਹੈ ਅਤੇ ਅਸੀਂ ਇੱਕ ਟੀਮ ਦੇ ਤੌਰ ’ਤੇ ਬਿਹਤਰੀਨ ਯਤਨ ਕਰਕੇ ਹਸਪਤਾਲਾਂ ਵਿੱਚ ਆਕਸੀਜਨ ਨੂੰ ਸਮੇਂ ਸਿਰ ਪਹੁੰਚਾਉਣ ਲਈ ਦ੍ਰਿੜ੍ਹ ਹਾਂ। ਉਨ੍ਹਾਂ ਤਕਨੀਕੀ ਮਾਹਿਰਾਂ ਦਾ ਪਤਾ ਲੱਭਣ ਲਈ ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਕੀਤੇ ਵਿਸ਼ੇਸ਼ ਯਤਨਾਂ ’ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ, ਇੰਚਾਰਜ ਆਕਸੀਜਨ ਮੌਨੀਟਰਿੰਗ ਅਤੇ ਸਪਲਾਈ ਪੰਜਾਬ ਸ਼ੌਕਤ ਅਹਿਮਦ ਪਰੇ ਵੱਲੋਂ ਨਿੱਜੀ ਤੌਰ ’ਤੇ ਸਮੂਹ ਕਾਰਜਾਂ ਦੀ ਨਿਗਰਾਨੀ ਕੀਤੀ ਗਈ ਅਤੇ ਆਕਸੀਜਨ ਨੂੰ ਅੰਮ੍ਰਿਤਸਰ ਲਈ ਭੇਜਣ ਤੱਕ ਅਧਿਕਾਰੀਆਂ ਦੇ ਵਿਚਕਾਰ ਵਧੀਆ ਤਾਲਮੇਲ ਨੂੰ ਯਕੀਨੀ ਬਣਾਇਆ ਗਿਆ।