ਹਰਜੀਤ ਸਿੰਘ
ਡੇਰਾਬੱਸੀ, 29 ਅਗਸਤ
ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਅਤੇ ਕਾਂਗਰਸੀ ਕੌਂਸਲਰ ਦੇ ਪਤੀ ਭੁਪਿੰਦਰ ਸ਼ਰਮਾ ਦੀ ਜ਼ਮਾਨਤ ਦੇ ਮਾਮਲੇ ‘ਚ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਭਲਕੇ ’ਤੇ ਪਾ ਦਿੱਤੀ ਹੈ। ਰਣਜੀਤ ਸਿੰਘ ਰੈਡੀ ਅਤੇ ਭੁਪਿੰਦਰ ਸ਼ਰਮਾ ਦੀ ਜ਼ਮਾਨਤ ਸਬੰਧੀ ਸੁਣਵਾਈ ਅੱਜ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਹੋਈ, ਜਿਥੇ ਅਦਾਲਤ ਵਿੱਚ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਕੋਈ ਫ਼ੈਸਲਾ ਨਾ ਦਿੰਦੇ ਹੋਏ ਮਾਮਲਾ ਅਗਲੀ ਸੁਣਵਾਈ ਲਈ 30 ਅਗਸਤ ਲਈ ਮੁਕੱਰਰ ਕਰ ਦਿੱਤਾ। ਇਸ ਦੇ ਨਾਲ ਹੀ ਪੁਲੀਸ ਨੇ ਇਸ ਮਾਮਲੇ ਵਿੱਚ ਅਸਲਾ ਐਕਟ ਦੀ ਇੱਕ ਹੋਰ ਧਾਰਾ ਵੀ ਜੋੜ ਦਿੱਤੀ ਹੈ। ਪੁਲੀਸ ਵੱਲੋਂ ਸਰਕਾਰੀ ਵਕੀਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੋਹਣ ਲਾਲ ਵਾਸੀ ਪਿੰਡ ਪਰਾਗਪੁਰ ਨੇ ਦੋਸ਼ ਲਾਇਆ ਕਿ ਰਣਜੀਤ ਸਿੰਘ ਰੈਡੀ ਨੇ ਪਿਸਤੌਲ ਦੀ ਨੋਕ ‘ਤੇ ਜ਼ਬਰਦਸਤੀ ਉਸ ਤੋਂ ਰਾਜ਼ੀਨਾਮੇ ਤੇ ਹਸਤਾਖ਼ਰ ਕਰਵਾ ਲਏ ਸਨ, ਜਿਸ ਕਾਰਨ ਪੁਲੀਸ ਨੇ ਪ੍ਰਧਾਨ ਰਣਜੀਤ ਸਿੰਘ ਖ਼ਿਲਾਫ਼ ਅਸਲਾ ਐਕਟ ਦੀ ਧਾਰਾ ਹੋਰ ਜੋੜ ਦਿੱਤੀ ਹੈ। ਪੁਲੀਸ ਸੂਤਰਾਂ ਮੁਤਾਬਕ ਹੁਣ ਜਾਂਚ ਇਸ ’ਤੇ ਟਿਕੀ ਹੈ ਕਿ ਸ਼ਿਕਾਇਤਕਰਤਾ ਦੇ ਦੋਸ਼ ਮੁਤਾਬਕ ਪ੍ਰਧਾਨ ਰੈਡੀ ਨੇ ਇਸ ਕੰਮ ਲਈ ਆਪਣੇ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਹੈ ਜਾਂ ਫਿਰ ਕੋਈ ਗੈਰ-ਕਾਨੂੰਨੀ ਹਥਿਆਰ ਦਾ ਮਾਮਲਾ ਸਾਹਮਣੇ ਆਉਂਦਾ ਹੈ। ਜ਼ਿਕਰਯੋਗ ਹੈ ਕਿ ਇਕ ਸਫਾਈ ਸੇਵਕ ਸੋਹਨ ਲਾਲ ਨੂੰ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਹੇਠ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰ ਦੇ ਪਤੀ ਭੁਪਿੰਦਰ ਸ਼ਰਮਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ ਜੋ ਲੰਘੇ ਦਿਨਾਂ ਤੋਂ ਜੇਲ੍ਹ ਵਿੱਚ ਹਨ।