ਨਵੀਂ ਦਿੱਲੀ, 11 ਅਗਸਤ
ਦਿੱਲੀ ਮਹਿਲਾ ਕਮਿਸ਼ਨ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮਨਦੀਪ ਕੌਰ ਖ਼ੁਦਕੁਸ਼ੀ ਕੇਸ ਵਿਚ ਵਿਦੇਸ਼ ਮੰਤਰਾਲੇ ਦਾ ਤੁਰੰਤ ਦਖ਼ਲ ਮੰਗਿਆ ਹੈ। ਮਨਦੀਪ ਨੇ ਕਥਿਤ ਤੌਰ ’ਤੇ ਘਰੇਲੂ ਹਿੰਸਾ ਤੋਂ ਤੰਗ ਆ ਕੇ ਨਿਊ ਯਾਰਕ ਵਿਚ ਖ਼ੁਦਕੁਸ਼ੀ ਕਰ ਲਈ ਸੀ। ਆਪਣੇ ਪੱਤਰ ਵਿਚ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਮੰਗ ਕੀਤੀ ਹੈ ਕਿ ਮਨਦੀਪ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਜਾਣ ਤੇ ਪਰਿਵਾਰ ਨੂੰ ਸੌਂਪੀਆਂ ਜਾਣ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਹੈ ਕਿ ਔਰਤ ਦੇ ਬੱਚਿਆਂ ਦੀ ਸਥਿਤੀ ਜਾਣਨ ਲਈ ਮਨੋਵਿਗਿਆਨੀਆਂ ਤੇ ਪੁਲੀਸ ਅਧਿਕਾਰੀਆਂ ਦੀ ਮਦਦ ਲਈ ਜਾਵੇ। ਇਸ ਮਾਮਲੇ ਵਿਚ ਮੁਲਜ਼ਮ ਨੂੰ ਨਿਊ ਯਾਰਕ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਸੂਚਨਾ ਹੈ। ਮਾਲੀਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਪਰਿਵਾਰ ਵੱਲੋਂ ਇਕ ਵਕੀਲ ਦੀ ਨਿਯੁਕਤੀ ਕਰਨੀ ਚਾਹੀਦੀ ਹੈ ਤਾਂ ਕਿ ਕੇਸ ਤੇਜ਼ੀ ਨਾਲ ਲੜਿਆ ਜਾ ਸਕੇ। -ਆਈਏਐੱਨਐੱਸ