ਸਵਰਾਜਬੀਰ
ਮਿਹਰਬਾਨ ਜੱਜ ਸਾਹਿਬ
ਮਹਾਵੀਰ ਨਰਵਾਲ ਮਰ ਗਿਐ
ਹਾਂ, ਜੱਜ ਸਾਹਿਬ
ਨਤਾਸ਼ਾ ਦਾ ਪਿਉ
ਇਸ ਜੱਗ ‘ਚ ਨਹੀਂ ਰਿਹਾ।
ਮਿਹਰਬਾਨ ਜੱਜ ਸਾਹਿਬ
ਉਹ ਧੀ ਧਿਆਣੀ
ਪਿਛਲੇ ਦਿਨੀਂ
ਤੁਹਾਡੇ ਦਰਬਾਰ ‘ਚ ਆਈ ਸੀ
ਉਸ ਨੇ ਇਹ ਨਹੀਂ ਸੀ ਕਿਹਾ
ਕਿ ਮੇਰੇ ‘ਤੇ ਮੁਕੱਦਮਾ ਨਾ ਚਲਾਓ
ਉਸ ਨੇ ਇਹ ਨਹੀਂ ਸੀ ਕਿਹਾ
ਕਿ ਮੈਨੂੰ ਦੋਸ਼ ਮੁਕਤ ਕਰ ਦਿਓ
ਉਸ ਦੇ ਵਕੀਲ ਨੇ ਮਿੰਨਤ ਕੀਤੀ ਸੀ
ਕਿ ਉਸ ਨੂੰ ਦੇ ਦਿਓ ਦੋ ਪਲ
ਉਸ ਨੇ ਆਪਣੇ ਪਿਓ ਦਾ ਮੂੰਹ ਵੇਖਣੈ
ਉਸ ਦੇ ਨਾਲ ਦੋ ਗੱਲਾਂ ਕਰਨੀਆਂ ਨੇ
ਉਹ ਬਿਮਾਰ ਹੈ
ਉਹ ਤੇਰ੍ਹਾਂ ਵਰ੍ਹਿਆਂ ਦੀ ਸੀ
ਜਦ ਉਹਦੀ ਮਾਂ ਮਰ ਗਈ
ਉਹਦਾ ਪਿਉ ਹੀ ਉਹਦੀ ਮਾਂ ਸੀ
ਡੂੰਘੀ ਛਾਂ ਸੀ ਉਹ।
ਤੁਸੀਂ ਜਾਣਦੇ ਓ ਜੱਜ ਸਾਹਿਬ
ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਐ
ਇਸ ਕੁੜੀ ਨੇ
ਦਿੱਲੀ ਦੇ ਦੰਗੇ ਨਹੀਂ ਸੀ ਕਰਾਏ
ਉਹ ਨਿਰਦੋਸ਼ ਐ
ਉਹ ਸਮਾਜ ਦੇ ਪਿੰਜਰੇ ਤੋੜਨਾ ਚਾਹੁੰਦੀ ਸੀ
ਤੁਸੀਂ ਉਸ ਨੂੰ ਤਾਕਤ ਦੇ ਪਿੰਜਰੇ ‘ਚ ਕੈਦ ਕਰ ਦਿੱਤੈ
ਤੁਸੀਂ ਬਹੁਤ ਤਾਕਤਵਰ ਓ, ਜੱਜ ਸਾਹਿਬ
ਤੁਸੀਂ ਮੁਨਸਿਫ਼ ਓ
ਤੁਸੀਂ ਉਸਨੂੰ
ਉਹ ਦੋ ਪਲ ਦੇ ਸਕਦੇ ਸੀ
ਕਿ ਉਹ ਆਪਣੇ ਪਿਉ ਦਾ ਮੂੰਹ ਵੇਖ ਸਕਦੀ
ਤੁਸੀਂ ਉਸ ਨੂੰ ਹੋਰ ਕੈਦ ਵਿੱਚ ਰੱਖ ਸਕਦੇ ਓ ਜੱਜ ਸਾਹਿਬ
ਤੁਸੀਂ ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਸਕਦੇ ਓ
ਤੁਹਾਡੇ ਕੋਲ ਹਰ ਤਾਕਤ ਐ, ਜੱਜ ਸਾਹਿਬ
ਤੁਸੀਂ ਇਨਸਾਫ ਕਰ ਸਕਦੇ ਓ
ਉੱਪਰ ਲਿਖਿਐ ਗ਼ਲਤ ਐ
ਤੁਸੀਂ ਸਭ ਕੁਝ ਕਰ ਸਕਦੇ ਓ ਜੱਜ ਸਾਹਿਬ
ਪਰ ਤੁਸੀਂ
ਉਸ ਨੂੰ ਆਪਣੇ ਪਿਉ ਨਾਲ ਗੱਲਾਂ ਕਰਨ ਲਈ
ਦੋ ਪਲ ਨਹੀਂ ਸੀ ਦੇ ਸਕਦੇ
ਤੁਸੀਂ ਉਹ ਦੋ ਪਲ ਨਹੀਂ ਸੀ ਦੇ ਸਕਦੇ ਜੱਜ ਸਾਹਿਬ
ਤੁਹਾਡੇ ਕੋਲ
ਉਹ ਦੋ ਪਲ ਦੇਣ ਵਾਲਾ ਦਿਲ ਨਹੀਂ ਹੈ, ਜੱਜ ਸਾਹਿਬ
ਤੁਹਾਡੇ ਕੋਲ ਤਾਕਤ ਹੈ
ਤੁਹਾਡੇ ਕੋਲ ਇਨਸਾਫ਼ ਹੈ
ਤੁਸੀਂ ਕਿਹਾ ਸੀ
ਤੁਸੀਂ ਉਸਦੀ ਫਰਿਆਦ
ਸੋਮਵਾਰ ਸੁਣੋਗੇ
ਜੱਜ ਸਾਹਿਬ
ਉਹ ਸੋਮਵਾਰ ਹੁਣ ਨਹੀਂ ਆਵੇਗਾ
ਉਹ ਸੋਮਵਾਰ
ਹੁਣ ਕੈਲੰਡਰ ‘ਚੋਂ ਗਾਇਬ ਹੋ ਗਿਐ।
ਜੱਜ ਸਾਹਿਬ
ਤੁਸੀਂ ਸਾਰੀ ਉਮਰ
ਉਸ ਸੋਮਵਾਰ ਦੀ ਤਲਾਸ਼ ਕਰਦੇ ਰਹੋਗੇ।
ਅੰਗਰੇਜ਼ੀ ਦੇ ਕਵੀ ਡਬਲਿਊ ਐੱਚ ਅਡਨ ਨੇ ਕਿਹਾ ਸੀ ਕਵਿਤਾ ਕੁਝ ਨਹੀਂ ਕਰ ਸਕਦੀ; ਕਵਿਤਾ ਦੁਨੀਆ ਨਹੀਂ ਬਦਲ ਸਕਦੀ। ਕਵਿਤਾ ਬਦਲਦੀ ਦੁਨੀਆ ਦੇ ਪਰਛਾਵਿਆਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ; ਕਵਿਤਾ ਅਨਿਆਂ ਦੇ ਡੂੰਘੇ ਹੁੰਦੇ ਹਨੇਰਿਆਂ ਨੂੰ ਛੂਹਣ ਦਾ ਯਤਨ ਕਰਦੀ ਹੈ; ਕਦੇ ਕਾਮਯਾਬ ਹੁੰਦੀ ਹੈ ਤੇ ਕਦੇ ਨਾਕਾਮਯਾਬ। ਅਮਰਜੀਤ ਚੰਦਨ ਨੇ ਕਿਹੈ ਕਿ ਕਵਿਤਾ ਦੁੱਖ ਵੇਲੇ ਬੰਦੇ ਦੀ ਬਾਂਹ ਫੜਦੀ ਐ। ਹੋ ਸਕਦੈ ਫੜਦੀ ਹੋਵੇ; ਹੋ ਸਕਦੈ ਨਾ ਫੜ ਸਕੇ। ਦੁੱਖ ਵੇਲੇ ਬੰਦੇ ਦਾ ਸ਼ਬਦਾਂ ’ਚੋਂ ਵਿਸ਼ਵਾਸ ਟੁੱਟ ਜਾਂਦੈ; ਸ਼ਬਦ ਬੰਦੇ ਦੀ ਪੀੜ ਦੱਸ ਸਕਦੇ ਨੇ; ਸ਼ਬਦ ਸੱਤਾ ਦਾ ਜਲੌਅ ਹੋ ਸਕਦੇ ਨੇ; ਸ਼ਬਦਾਂ ਦਾ ਕੋਈ ਕੀ ਕਰੇ; ਸ਼ਬਦ ਤਿਲਕਦੀਆਂ ਹੋਈਆਂ ਇਕਾਈਆਂ ਨੇ ਪਰ ਜਿਵੇਂ ਵਿਟਜਨਸਟਾਈਨ ਨੇ ਸਾਨੂੰ ਦੱਸਿਆ ਸੀ ਅਸੀਂ ਸ਼ਬਦਾਂ ਤੋਂ ਬਾਹਰ ਵੀ ਕੁਝ ਨਹੀਂ ਹਾਂ। ਗਾਲ੍ਹ ਲਈ ਵੀ ਸ਼ਬਦ ਚਾਹੀਦੇ ਨੇ ਤੇ ਅਸੀਸ ਲਈ ਵੀ ਤੇ ਕਵਿਤਾ ਲਈ ਵੀ; ਕਰੁਣਾ, ਪ੍ਰੇਮ, ਨਫ਼ਰਤ ਸਭ ਕੁਝ ਦਾ ਇਜ਼ਹਾਰ ਕਰਨ ਲਈ।
ਉੱਪਰ ਲਿਖੀ ਕਵਿਤਾ ਦੇ ਕੋਈ ਅਰਥ ਨਹੀਂ ਹਨ; ਇਸ ਨੇ ਨਤਾਸ਼ਾ ਨਰਵਾਲ ਦੇ ਜ਼ਖ਼ਮਾਂ ਦੀ ਮਰ੍ਹਮ ਨਹੀਂ ਬਣਨਾ; ਇਹ ਕਵਿਤਾ ਗੁੱਸੇ ਦਾ ਪ੍ਰਗਟਾਅ ਹੈ; ਉਹ ਗੁੱਸਾ ਜਿਸ ਨੂੰ ਕਦੇ ਆਕਾਰ ਨਹੀਂ ਮਿਲਣਾ; ਪਰ ਇਹ ਕਵਿਤਾ ਇਕ ਕਹਾਣੀ ਜ਼ਰੂਰ ਦੱਸਦੀ ਹੈ। ਇਹ ਕਹਾਣੀ ਨਤਾਸ਼ਾ ਨਰਵਾਲ ਤੇ ਉਸ ਦੇ ਪਿਤਾ ਮਹਾਵੀਰ ਨਰਵਾਲ ਦੀ ਹੈ। ਨਤਾਸ਼ਾ ਨਰਵਾਲ ਪਿੰਜਰਾ ਤੋੜ ਜਥੇਬੰਦੀ ਨਾਲ ਸਬੰਧ ਰੱਖਦੀ ਹੈ।
ਪਿੰਜਰਾ ਤੋੜ ਗਰੁੱਪ ਦਿੱਲੀ ਵਿਚ 2015 ਵਿਚ ਜ਼ਿਆਦਾ ਉੱਭਰਿਆ। ਇਹ ਕਿਸੇ ਸਿਆਸੀ ਪਾਰਟੀ ਜਾਂ ਜਥੇਬੰਦੀ ਨਾਲ ਜੁੜਿਆ ਹੋਇਆ ਨਹੀਂ ਸੀ/ਹੈ। ਉਦੋਂ ਗਰਮੀਆਂ ਦੀਆਂ ਛੁੱਟੀਆਂ ਬਾਅਦ ਜਾਮੀਆ ਮਿਲੀਆ ਯੂਨੀਵਰਸਿਟੀ ਨੇ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਯੂਨੀਵਰਸਿਟੀ ਵਿਚ ਪੜ੍ਹ ਰਹੀਆਂ ਕੁੜੀਆਂ ਸ਼ਾਮ 8 ਵਜੇ ਤੋਂ ਪਹਿਲਾਂ ਹੋਸਟਲ ਵਿਚ ਵਾਪਸ ਆ ਜਾਣ। ਜਿਹੜੇ ਗਰੁੱਪਾਂ ਨੇ ਇਨ੍ਹਾਂ ਪਾਬੰਦੀਆਂ ਦਾ ਵਿਰੋਧ ਕੀਤਾ, ਉਨ੍ਹਾਂ ਵਿਚ ਪਿੰਜਰਾ ਤੋੜ ਗਰੁੱਪ ਵੀ ਸ਼ਾਮਲ ਸੀ।
ਸਾਡੇ ਸਮਾਜ ਵਿਚ ਅਜਿਹੇ ਵਿਰੋਧ ਦੀ ਆਵਾਜ਼ ਨੂੰ ਹਮਦਰਦੀ ਦੀ ਭਾਵਨਾ ਨਾਲ ਨਹੀਂ ਵੇਖਿਆ ਜਾਂਦਾ। ਸਾਡੀ ਸਮਾਜਿਕ ਸਮਝ ਇਹ ਹੈ ਕਿ ਅਜਿਹੀ ਹਦਾਇਤ ਵਿਚ ਗ਼ਲਤ ਕੀ ਹੈ। ਕੁੜੀਆਂ ਨੂੰ ਵੇਲੇ ਸਿਰ ਘਰਾਂ/ਹੋਸਟਲਾਂ ਵਿਚ ਵਾਪਸ ਆ ਜਾਣਾ ਚਾਹੀਦੈ; ਬਾਹਰ ਖ਼ਤਰਾ ਹੈ; ਉੱਥੇ ਛੇੜ-ਛਾੜ ਹੋ ਸਕਦੀ ਹੈ; ਜਬਰ-ਜਨਾਹ ਹੋ ਸਕਦਾ ਹੈ। ਇਹ ਸਮਝ ਇਹ ਸਵੀਕਾਰ ਕਰਦੀ ਹੈ ਕਿ ਸਾਡਾ ਸਮਾਜ ਤੇ ਸਮਾਜਿਕ ਮਾਹੌਲ ਔਰਤਾਂ ਲਈ ਖ਼ਤਰਿਆ ਨਾਲ ਭਰਿਆ ਹੈ। ਉਨ੍ਹਾਂ ਨੂੰ ਖ਼ਤਰਿਆਂ ਤੋਂ ਬਚਾਉਣਾ ਕਿਵੇਂ ਹੈ? ਇਹ ਸਮਾਜਿਕ ਸਮਝ ਉਨ੍ਹਾਂ ਖ਼ਤਰਿਆਂ ਨੂੰ ਖ਼ਤਮ ਕਰਨ ਦੀ ਗੱਲ ਨਹੀਂ ਕਰਦੀ; ਇਸ ਸਮਝ ਅਨੁਸਾਰ ਅਸੀਂ ਭਾਵ ਵਿੱਦਿਅਕ ਅਦਾਰੇ, ਪਰਿਵਾਰ, ਸਮਾਜ ਆਦਿ ਔਰਤਾਂ ’ਤੇ ਪਾਬੰਦੀਆਂ ਲਾ ਸਕਦੇ ਹਾਂ; ਔਰਤ ਅਬਲਾ ਹੈ; ਉਸ ’ਤੇ ਪਾਬੰਦੀਆਂ ਲਾ ਕੇ ਹੀ ਉਸ ਦੀ ਸਹਾਇਤਾ ਕੀਤੀ ਜਾ ਸਕਦੀ ਹੈ।
ਦੂਸਰੇ ਪਾਸੇ ਪਿੰਜਰਾ ਤੋੜ ਜਿਹੇ ਗਰੁੱਪਾਂ ਅਨੁਸਾਰ ਇਹ ਔਰਤਾਂ ਨਾਲ ਵਿਤਕਰਾ ਹੈ; ਔਰਤਾਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨੀ ਚਾਹੀਦੀ ਹੈ; ਔਰਤਾਂ ਅਬਲਾ ਨਹੀਂ ਹਨ; ਉਹ ਆਪਣੇ ਵਿਹਾਰ, ਕੰਮ-ਕਾਜ ਤੇ ਸਰੀਰਾਂ ਲਈ ਖ਼ੁਦ ਜ਼ਿੰਮੇਵਾਰ ਹਨ; ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ; ਉਨ੍ਹਾਂ ’ਤੇ ਪਾਬੰਦੀਆਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ। ਇਹ ਪਾਬੰਦੀਆਂ ਸਦੀਆਂ ਤੋਂ ਸਮਾਜ ਵਿਚ ਗ਼ਾਲਬ ਮਰਦ-ਪ੍ਰਧਾਨ ਪਿਤਰੀ ਸੋਚ ’ਚੋਂ ਨਿਕਲੀਆਂ ਹਨ। ਦੇਵਾਂਗਨਾ ਕਾਲਿਤਾ, ਨਤਾਸ਼ਾ ਨਰਵਾਲ ਤੇ ਹੋਰ ਵਿਦਿਆਰਥਣਾਂ ਪਿੰਜਰਾ ਤੋੜ ਗਰੁੱਪ ਦੇ ਕਾਰਕੁਨਾਂ ਵਜੋਂ ਉਭਰੀਆਂ।
ਔਰਤਾਂ ਨਾਲ ਸਬੰਧਿਤ ਅਜਿਹੇ ਮੁੱਦਿਆਂ ਬਾਰੇ ਸਰਗਰਮ ਰਹਿਣ ਦੇ ਨਾਲ ਨਾਲ ਨਤਾਸ਼ਾ ਨੇ 2019 ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲੇ ਅੰਦੋਲਨ ਵਿਚ ਵੀ ਹਿੱਸਾ ਲਿਆ। ਉਹ ਥਾਂ ਥਾਂ ’ਤੇ ਇਸ ਕਾਨੂੰਨ ਤੇ ਸਰਕਾਰ ਦੀਆਂ ਹੋਰ ਨੀਤੀਆਂ ਵਿਰੁੱਧ ਬੋਲੀ। ਇਕ ਵੀਡਿਉ ਵਿਚ ਉਹ ਸਰਕਾਰ ਦੇ ਰੇਲਵੇ, ਬੈਂਕ ਅਤੇ ਪੈਨਸ਼ਨ ਫੰਡਾਂ ਨੂੰ ਨਿੱਜੀ ਖੇਤਰ ਨੂੰ ਦੇਣ ਦੇ ਵਿਰੁੱਧ ਬੋਲਦੀ ਦਿਖਾਈ ਦਿੰਦੀ ਹੈ। ਦਿੱਲੀ ਪੁਲੀਸ ਨੇ ਪਿੰਜਰਾ ਤੋੜ ਗਰੁੱਪ ਦੀਆਂ ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਾਲਿਤਾ (ਉਹ ਵੀ ਜਵਾਹਰਲਾਲ ਯੂਨੀਵਰਸਿਟੀ ਵਿਚ ਖੋਜ ਕਰ ਰਹੀ ਹੈ) ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਦਿੱਲੀ ਦੇ ਕੁਝ ਇਲਾਕਿਆਂ ਵਿਚ ਔਰਤਾਂ ਨੂੰ ਸ਼ਾਹੀਨ ਬਾਗ ਵਰਗੇ ਧਰਨੇ ਦੇਣ ਲਈ ਉਕਸਾਇਆ ਸੀ ਤੇ ਇਸ ਵਾਸਤੇ ਬੱਸਾਂ ਦਾ ਬੰਦੋਬਸਤ ਕੀਤਾ ਸੀ। ਇਕ ਸਰਕਾਰ-ਪੱਖੀ ਟੈਲੀਵਿਜ਼ਨ ਚੈਨਲ ਅਨੁਸਾਰ ਇਹ ਕੁੜੀਆਂ ਰਾਹੁਲ ਰਾਏ (ਫ਼ਿਲਮ ਨਿਰਦੇਸ਼ਕ, ਅਦਾਕਾਰ) ਨਾਲ ਲਗਾਤਾਰ ਗੱਲਬਾਤ ਕਰਕੇ ਸਾਜ਼ਿਸ਼ ਰਚ ਰਹੀਆਂ ਸਨ ਅਤੇ ਇਨ੍ਹਾਂ ਦੇ ਅਜਿਹੇ ਕੰਮਾਂ ਕਾਰਨ ਹੀ ਦਿੱਲੀ ਵਿਚ ਫਰਵਰੀ 2020 ਵਿਚ ਦੰਗੇ ਹੋਏ।
ਦਿੱਲੀ ਪੁਲੀਸ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ (Unlawful Activities (Prevention) Act) ਤਹਿਤ ਨਤਾਸ਼ਾ ਨਰਵਾਲ, ਦੇਵਾਂਗਨਾ ਕਾਲਿਤਾ, ਸਫ਼ੂਰਾ ਜ਼ਰਗਰ, ਉਮਰ ਖਾਲਿਦ ਤੇ ਹੋਰਨਾਂ ਵਿਰੁੱਧ ਕੇਸ ਦਰਜ ਕੀਤੇ। ਦਿੱਲੀ ਪੁਲੀਸ ਕੋਲ ਇਕ ਉਮਦਾ ਤੇ ਸਪੱਸ਼ਟ ਬਿਰਤਾਂਤ ਹੈ ਕਿ ਦੰਗੇ ਇਨ੍ਹਾਂ ਵਿਦਿਆਰਥੀ ਅਤੇ ਸਮਾਜਿਕ ਕਾਰਕੁਨਾਂ ਕਾਰਨ ਹੋਏ; ਉਸ ਬਿਰਤਾਂਤ ਵਿਚ ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਆਗੂਆਂ ਦਾ ਜ਼ਿਕਰ ਨਹੀਂ ਜਿਨ੍ਹਾਂ ਦਸੰਬਰ 2019 ਤੇ ਜਨਵਰੀ-ਫਰਵਰੀ 2020 ਵਿਚ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ… ਕੋ’ ਜਿਹੇ ਨਾਅਰੇ ਲਗਾਏ, ਜਿਨ੍ਹਾਂ ਨੇ ਇਹ ਕਿਹਾ ਕਿ ਸ਼ਾਹੀਨ ਬਾਗ ਵਿਚ ਧਰਨਾ ਦੇਣ ਵਾਲੇ ਮਰਦ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਘਰ ਵਿਚ ਘੁਸ ਕੇ ਉਨ੍ਹਾਂ ਦੀਆਂ ਧੀਆਂ-ਭੈਣਾਂ ਨਾਲ ਜਬਰ-ਜਨਾਹ ਕਰਨਗੇ; ਜਿਨ੍ਹਾਂ ਨੇ ਨਫ਼ਰਤ ਤੇ ਹਿੰਸਾ ਭੜਕਾਉਣ ਵਾਲੇ ਭਾਸ਼ਣ ਦਿੱਤੇ।
ਨਤਾਸ਼ਾ ਨਰਵਾਲ ਦੀ ਇਕ ਅਧਿਆਪਕ ਨੇ ਦੱਸਿਆ ਕਿ ਨਤਾਸ਼ਾ ਬਹੁਤ ਹੁਸ਼ਿਆਰ ਕੁੜੀ ਹੈ; ਉਹ ਡੂੰਘੀ ਸਮਝ ਵਾਲੇ ਮੁਸ਼ਕਿਲ ਸਵਾਲ ਪੁੱਛਦੀ ਹੈ। ਨਤਾਸ਼ਾ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਨ ਤੋਂ ਬਾਅਦ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿਚ ਪੀਐੱਚਡੀ ਕਰ ਰਹੀ ਹੈ। ਉਸ ਦੀ ਖੋਜ ਦਾ ਵਿਸ਼ਾ ਦਿੱਲੀ ਯੂਨੀਵਰਸਿਟੀ ਵਿਚ 1930ਵਿਆਂ ਤੋਂ ਲੈ ਕੇ 1980ਵਿਆਂ ਤਕ ਔਰਤਾਂ ਨੂੰ ਪੜ੍ਹਾਈ ਸਮੇਂ ਰਹਿਣ ਲਈ ਥਾਵਾਂ ਲੱਭਣ ਬਾਰੇ ਪੇਸ਼ ਆਈਆਂ ਸਮੱਸਿਆਵਾਂ ਬਾਰੇ ਹੈ; ਉਹ ਖੋਜ ਕਰਨਾ ਚਾਹੁੰਦੀ ਹੈ ਕਿ ਉਨ੍ਹਾਂ ਸਮਿਆਂ ਵਿਚ ਰਹਿਣ ਵਾਲੀਆਂ ਥਾਵਾਂ ਲੱਭਣ ਵਿਚ ਆਈਆਂ ਮੁਸ਼ਕਿਲਾਂ ਨੇ ਉਨ੍ਹਾਂ ਵਿਦਿਆਰਥਣਾਂ ਅਤੇ ਦਿੱਲੀ ਦੀਆਂ ਹੋਰ ਔਰਤਾਂ ਦੇ ਜੀਵਨ ’ਤੇ ਕੀ ਪ੍ਰਭਾਵ ਪਾਇਆ।
ਨਤਾਸ਼ਾ ਨਰਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿਤਾ ਮਹਾਵੀਰ ਨਰਵਾਲ ਨੇ ਕਾਰਵਾਂ-ਏ-ਮੁਹੱਬਤ ਦੇ ਬਣਾਏ ਵੀਡਿਉ ’ਤੇ ਕਿਹਾ ਕਿ ਉਹ ਆਪਣੀ ਧੀ ਦੁਆਰਾ ਲਏ ਗਏ ਸਟੈਂਡ ਦੀ ਹਮਾਇਤ ਕਰਦਾ ਹੈ। ਉਸ ਛੋਟੇ ਜਿਹੇ ਵੀਡਿਉ ਵਿਚ ਇਕ ਪਿਉ ਮਾਂ-ਮਹਿੱਟਰ ਧੀ ਤੇ ਆਪਣੇ ਵਿਚਕਾਰ ਗੂੜ੍ਹੇ ਰਿਸ਼ਤੇ ਦੀ ਕਹਾਣੀ ਸੁਣਾਉਂਦਾ ਹੈ; ਉਸ ਨੂੰ ਫਖ਼ਰ ਹੈ ਕਿ ਉਸ ਦੀ ਧੀ ਹੱਕ-ਸੱਚ ਲਈ ਲੜਦਿਆਂ ਜੇਲ੍ਹ ਗਈ ਹੈ। ਉਹ ਐਮਰਜੈਂਸੀ ਵਿਚ ਖ਼ੁਦ ਜੇਲ੍ਹ ਗਿਆ ਸੀ।
ਜ਼ਿਲ੍ਹਾ ਪਾਣੀਪਤ ਦੇ ਪਿੰਡ ਬਨਵਾਸਾ ਵਿਚ ਜਨਮੇ ਮਹਾਵੀਰ ਨਰਵਾਲ ਨੇ ਚੌਧਰੀ ਚਰਨ ਸਿੰਘ ਹਿਸਾਰ ਖੇਤੀ ਯੂਨੀਵਰਸਿਟੀ ਤੋਂ ਖੇਤੀ ਵਿਗਿਆਨ ਵਿਚ ਪੜ੍ਹਾਈ ਕੀਤੀ। ਉਹ ਬੀਐੱਸਸੀ (ਐਗਰੀਕਲਚਰ ਆਨਰਜ਼) ਦੌਰਾਨ ਆਪਣੀ ਜਮਾਤ ਦਾ ਸਿਖ਼ਰਲਾ ਵਿਦਿਆਰਥੀ ਸੀ। ਉਸ ਨੇ ਪਲਾਂਟ ਬਰੀਡਿੰਗ ਦੇ ਖੇਤਰ ਵਿਚ ਪੀਐੱਚਡੀ ਕੀਤੀ ਅਤੇ ਇਸੇ ਯੂਨੀਵਰਸਿਟੀ ਵਿਚ ਵਿਗਿਆਨੀ ਬਣਿਆ। ਵਿਦਿਆਰਥੀ ਜੀਵਨ ਦੌਰਾਨ ਉਹ ਮਾਰਕਸਵਾਦੀ ਕਮਿਊਨਿਸਟ ਪਾਰਟੀ ਨਾਲ ਸਬੰਧਿਤ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐੱਸਐੱਫ਼ਆਈ) ਦੀਆਂ ਸਫ਼ਾਂ ਵਿਚ ਸ਼ਾਮਲ ਹੋਇਆ। ਐਮਰਜੈਂਸੀ ਦੌਰਾਨ ਉਸ ਨੇ ਆਪਣੇ ਹੋਰ ਸਾਥੀਆਂ ਨਾਲ 11 ਮਹੀਨੇ ਜੇਲ੍ਹ ਕੱਟੀ। ਬਤੌਰ ਵਿਗਿਆਨੀ/ਅਧਿਆਪਕ ਉਹ ਹਿਸਾਰ ਖੇਤੀ ਯੂਨੀਵਰਸਿਟੀ ਦੀ ਅਧਿਆਪਕ ਯੂਨੀਅਨ ਦਾ ਪ੍ਰਧਾਨ ਰਿਹਾ। ਉਹ ਸਾਖਰਤਾ ਮਿਸ਼ਨ ਤੇ ਭਾਰਤ ਗਿਆਨ-ਵਿਗਿਆਨ ਸਮਿਤੀ ਦਾ ਮੋਹਰੀ ਅਤੇ ਹਰਿਆਣਾ ਵਿਗਿਆਨ ਮੰਚ ਦਾ ਆਗੂ ਸੀ। 1980 ਵਿਚ ਉਸ ਦੀ ਸ਼ਾਦੀ ਨੀਲਮ ਨਾਲ ਹੋਈ ਪਰ ਉਹ 2001 ਵਿਚ ਉਸ ਨੂੰ ਵਿਛੋੜਾ ਦੇ ਗਈ। ਉਸ ਨੇ ਧੀ ਤੇ ਪੁੱਤਰ ਨੂੰ ਪਾਲਿਆ ਤੇ ਉਨ੍ਹਾਂ ਨੂੰ ਵਿਵੇਕਸ਼ੀਲ ਰਾਹਾਂ ’ਤੋ ਤੋਰਿਆ। ਉਸ ਦੇ ਨੇੜਲੇ ਸਾਥੀ, ਮਿੱਤਰ ਅਤੇ ਜਮਾਤੀ ਇੰਦਰਜੀਤ ਸਿੰਘ, ਜੋ ਹਰਿਆਣੇ ਦਾ ਕਿਸਾਨ ਆਗੂ ਹੈ, ਨੇ ਦੱਸਿਆ ਕਿ ਮਹਾਵੀਰ ਕਦੇ ਗੁੱਸੇ ਵਿਚ ਨਹੀਂ ਸੀ ਆਉਂਦਾ; ਸੰਜਮੀ ਸੁਭਾਅ ਵਾਲਾ ਮਹਾਵੀਰ ਆਪਣੇ ਸਿਰੜ, ਲਗਨ ਤੇ ਲੋਕ-ਪੱਖੀ ਸੋਚ ਲਈ ਜਾਣਿਆ ਜਾਂਦਾ ਸੀ।
ਐਤਵਾਰ ਮਹਾਵੀਰ ਆਪਣੀ ਧੀ ਨੂੰ ਮਿਲਿਆਂ ਬਗ਼ੈਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਕਿਉਂਕਿ ਅਦਾਲਤ ਨੇ ਉਸ ਧੀ ਨੂੰ ਜ਼ਮਾਨਤ ਨਹੀਂ ਸੀ ਦਿੱਤੀ ਤੇ ਕਿਹਾ ਸੀ ਕਿ ਜ਼ਮਾਨਤ ਲਈ ਸੁਣਵਾਈ ਸੋਮਵਾਰ ਹੋਵੇਗੀ।
ਆਓ, ਸੋਮਵਾਰ ਹਾਈ ਕੋਰਟ ਦੇ ਉਸ ਫ਼ੈਸਲੇ ’ਤੇ ਨਜ਼ਰ ਮਾਰੀਏ ਜਿਸ ਅਨੁਸਾਰ ਨਤਾਸ਼ਾ ਨਰਵਾਲ ਨੂੰ ਜ਼ਮਾਨਤ ਦਿੱਤੀ ਗਈ ਹੈ। ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਅਨੁਸਾਰ ਹਾਈ ਕੋਰਟ ਨੇ ਜ਼ਬਾਨੀ ਹੁਕਮ ਦਿੱਤੇ ਕਿ ਜ਼ਮਾਨਤ ਦੌਰਾਨ ਨਤਾਸ਼ਾ ਜਨਤਕ ਤੌਰ ’ਤੇ ਆਪਣੇ ਕੇਸ ਬਾਰੇ ਕੁਝ ਨਹੀਂ ਕਹੇਗੀ। ਅਦਾਲਤ ਦੇ ਫ਼ੈਸਲੇ ਵਿਚ ਕਿਹਾ ਗਿਆ ਹੈ, ‘‘ਮਿਸਟਰ ਪੁਜਾਰੀ (ਨਤਾਸ਼ਾ ਦੇ ਵਕੀਲ) ਦੱਸਦਾ ਹੈ ਕਿ ਸ੍ਰੀ ਮਹਾਵੀਰ ਨਰਵਾਲ ਦੀ ਇਕ ਧੀ, ਜੋ ਅਪੀਲਕਰਤਾ ਹੈ, ਅਤੇ ਇਕ ਪੁੱਤਰ, ਨਾਮ ਮਿਸਟਰ ਅਕਾਸ਼ ਨਰਵਾਲ ਜਿਹੜਾ ਕੋਵਿਡ-19 ਦੀ ਬਿਮਾਰੀ ਨਾਲ ਪੀੜਤ ਹੋਣ ਕਾਰਨ ਇਕਾਂਤਵਾਸ ਵਿਚ ਹੈ, ਅਤੇ ਇਸ ਵਾਸਤੇ ਮਹਾਵੀਰ ਨਰਵਾਲ ਦੇ ਸਸਕਾਰ ਅਤੇ ਅੰਤਿਮ ਰਸਮਾਂ ਨਿਭਾਉਣ ਲਈ ਹੋਰ ਕੋਈ ਨਹੀਂ ਹੈ।’’ ਇਸ ਫ਼ੈਸਲੇ ਵਿਚ ਗ਼ੈਰ-ਹਾਜ਼ਰ ਸ਼ਬਦਾਂ ਤੇ ਸਤਰਾਂ ਨੂੰ ਦੇਖੋ; ਇਹ ਫ਼ੈਸਲਾ ਇਹ ਕਹਿ ਰਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਅਦਾਲਤ ਮਜਬੂਰ ਹੋ ਕੇ ਇਸ ਕੁੜੀ ਨੂੰ ਜ਼ਮਾਨਤ ਦੇ ਰਹੀ ਹੋਵੇ ਕਿਉਂਕਿ ਅੰਤਿਮ ਰਸਮਾਂ ਕਰਨ ਵਾਲਾ ਹੋਰ ਕੋਈ ਨਹੀਂ ਹੈ। ਕੀ ਇਸ ਦਾ ਮਤਲਬ ਇਹ ਹੈ ਕਿ ਜੇ ਨਤਾਸ਼ਾ ਦਾ ਭਰਾ ਸਿਹਤਮੰਦ ਹੁੰਦਾ ਤਾਂ ਇਹ ਜ਼ਮਾਨਤ ਨਹੀਂ ਸੀ ਦਿੱਤੀ ਜਾਣੀ। ਅਖ਼ਬਾਰਾਂ ਵਿਚ ਮਹਾਵੀਰ ਨਰਵਾਲ ਦੇ ਦੇਹਾਂਤ ਦੀ ਖ਼ਬਰ ਛਪ ਚੁੱਕੀ ਸੀ। ਪ੍ਰਸ਼ਨ ਇਹ ਹੈ ਕਿ ਕੀ ਇਸ ਖ਼ਬਰ ਦੇ ਛਪਣ ਤੋਂ ਬਾਅਦ ਵੀ ਅਦਾਲਤ ਨੂੰ ਜ਼ਮਾਨਤ ਦੇਣ ਲਈ ਸ਼ਬਦਾਂ ਦੀਆਂ ਇਹੋ ਜਿਹੀਆਂ ਫਹੁੜੀਆਂ ਦੀ ਜ਼ਰੂਰਤ ਸੀ। ਇਸ ਫ਼ੈਸਲੇ ਤੋਂ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਡਰਿਆ, ਸਹਿਮਿਆ ਹੋਇਆ ਫ਼ੈਸਲਾ ਹੋਵੇ, ਜਿਵੇਂ ਨਤਾਸ਼ਾ ਨਰਵਾਲ ਸੱਚਮੁੱਚ ਖ਼ਤਰਨਾਕ ਅਤਿਵਾਦੀ ਹੈ।
ਮੈਂ ਸਾਰੀ ਉਮਰ ਪੁਲੀਸ ਵਿਚ ਨੌਕਰੀ ਕੀਤੀ ਹੈ। ਭਾਰਤ ਦੀਆਂ ਪੁਲੀਸ ਫੋਰਸਾਂ ਆਪਣੇ ਫ਼ਰਜ਼ ਨਿਭਾਉਣ ਦੇ ਨਾਲ ਨਾਲ ਗ਼ਲਤ ਕੇਸ ਬਣਾਉਣ, ਲੋਕਾਂ ਨੂੰ ਫਸਾਉਣ, ਸਿਆਸੀ ਜਮਾਤਾਂ ਸਾਹਮਣੇ ਝੁਕਣ, ਝੂਠੇ ਮੁਕਾਬਲੇ ਬਣਾਉਣ ਆਦਿ ਲਈ ਵੀ ਜਾਣੀਆਂ ਜਾਂਦੀਆਂ ਹਨ। ਹੋਰ ਸੰਸਥਾਵਾਂ ਅਸੰਤੁਲਿਤ ਹੋ ਸਕਦੀਆਂ ਹਨ ਪਰ ਸੰਵਿਧਾਨ ਨੇ ਇਹ ਜ਼ਿੰਮੇਵਾਰੀ ਅਦਾਲਤਾਂ ਨੂੰ ਦਿੱਤੀ ਹੈ ਕਿ ਉਹ ਨਿਰਪੱਖਤਾ ਤੇ ਸੰਤੁਲਨ ਕਾਇਮ ਰੱਖਦਿਆਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ। ਲੋਕ ਅਦਾਲਤਾਂ ਤੋਂ ਤਵੱਕੋ ਰੱਖਦੇ ਹਨ ਕਿ ਉਹ ਨਿਆਂ ਕਰਨ। ਜਦ ਅਦਾਲਤਾਂ ਵੀ ਨਿਆਂ ਨਾ ਕਰਨ ਤਾਂ ਲੋਕ ਕਿੱਥੇ ਜਾਣ। ਜਿਸ ਜਮਹੂਰੀਅਤ ਦੀਆਂ ਅਦਾਲਤਾਂ ਦੇ ਫ਼ੈਸਲਿਆਂ ’ਚੋਂ ਰਿਆਸਤ/ਸਟੇਟ ਤੋਂ ਡਰੇ ਹੋਣ ਦੀ ਗੰਧ ਆਵੇ, ਉਹ ਜਮਹੂਰੀਅਤ ਖ਼ਤਰੇ ਵਿਚ ਹੁੰਦੀ ਹੈ।