ਬੀਰਬਲ ਰਿਸ਼ੀ
ਸ਼ੇਰਪੁਰ, 19 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਕੋਆਪਰੇਟਿਵ ਬੈਂਕ ਕਾਤਰੋਂ ਅੱਗੇ ਧਰਨਾ ਦੇ ਕੇ ਉੱਚ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਕਿਸਾਨ ਮੰਗ ਕਰ ਰਹੇ ਸਨ ਕਿ ਪੰਦਰਾਂ ਦਿਨਾਂ ਤੋਂ ਕੰਪਿਊਟਰ ਬੰਦ ਪਏ ਹੋਣ ਕਾਰਨ ਜ਼ਾਮ ਹੋਏ ਸੁਸਾਇਆਂ ਦੇ ਕੰਮਕਾਰ ਤੁਰੰਤ ਮੁੜ ਬਹਾਲ ਕੀਤੇ ਜਾਣ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਰਘਵੀਰ ਸਿੰਘ ਘਨੌਰੀ, ਬੀਕੇਯੂ ਡਕੌਂਦਾ ਦੇ ਬਲਾਕ ਆਗੂ ਦਰਸਨ ਸਿੰਘ ਕਾਤਰੋਂ, ਮੇਜਰ ਸਿੰਘ, ਸੁਰਜੀਤ ਸਿੰਘ, ਸਿੰਦਰਪਾਲ ਸਿੰਘ ਤੇ ‘ਆਪ’ ਆਗੂ ਹਰਜਿੰਦਰ ਸਿੰਘ ਸੋਨੀ ਨੇ ਕਿਹਾ ਕਿ ਪੰਦਰਾਂ ਦਿਨਾਂ ਤੋਂ ਕੋਆਪਰੇਟਿਵ ਬੈਂਕ ਕਾਤਰੋਂ ਦੇ ਕੰਪਿਊਟਰ ਚਿੱਟਾ ਹਾਥੀ ਸਾਬਤ ਹੋ ਰਹੇ ਹਨ ਜਿਸ ਕਾਰਨ ਬੈਂਕ ਦੇ ਜਿਹੜੇ ਵੀ ਕਿਸਾਨਾਂ ਨੇ ਪੈਸੇ ਕਢਵਾਉਣੇ ਹਨ ਜਾਂ ਜਮ੍ਹਾ ਕਰਵਾਉਣੇ ਹਨ, ਉਹ ਬੈਂਕ ਦੇ ਚੱਕਰ ਕੱਟ ਰਹੇ ਹਨ। ਸੁਸਾਇਟੀਆਂ ਵਿੱਚ ਖਾਦ ਤੇ ਹੋਰ ਸਾਮਾਨ ਦਾ ਲੈਣ-ਦੇਣ ਕਰਨ ਵਾਲੇ ਕਿਸਾਨਾਂ ਦੇ ਚੈੱਕ ਨਹੀਂ ਲੱਗ ਰਹੇ ਤੇ ਹੋਰ ਕਈ ਤਰ੍ਹਾਂ ਦੇ ਕੰਮ ਧੰਦੇ ਰੁਕ ਕੇ ਰਹਿ ਗਏ ਹਨ। ਆਗੂਆਂ ਨੇ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਸਪਸ਼ਟ ਕੀਤਾ ਕਿ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਬੈਂਕ ਮੈਨੇਜਰ ਹਰਜੰਟ ਸਿੰਘ ਨੇ ਕਿਹਾ ਕਿ ਉਹ ਹਰ ਰੋਜ਼ ਹੀ ਜੁਬਾਨੀ ਤੇ ਲਿਖਤੀ ਤੌਰ ’ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੰਦੇ ਹਨ ਪਰ ਇਹ ਟੈਕਨੀਕਲ ਸਮੱਸਿਆ ਹੈ। ਜਿਸ ਸਬੰਧੀ ਇੱਕ ਦੋ ਵਾਰ ਟੈਕਨੀਕਲ ਟੀਮ ਨੈੱਟਵਰਕ ਦਾ ਕੰਮ ਕਰਕੇ ਗਈ ਹੈ ਪਰ ਹੁਣ ਬੁੱਧਵਾਰ ਤੱਕ ਦਾ ਸਮਾਂ ਮੰਗਿਆ ਹੈ।