ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਅਪਰੈਲ
ਸਥਾਨਕ ਨਮਕ ਮੰਡੀ ਇਲਾਕੇ ਦੀ ਗਲੀ ਕੰਧਾਰੀਆਂ ਵਿਚ ਇਕ ਤਿੰਨ ਮੰਜ਼ਿਲਾ ਮਕਾਨ ਨੂੰ ਅੱਗ ਲੱਗਣ ਨਾਲ ਘਰ ਵਿਚ ਰੱਖਿਆ ਸਾਮਾਨ ਸੜ ਕੇ ਸਵਾਹ ਹੋ ਗਿਆ ਹੈ। ਅੱਗ ’ਤੇ ਫਾਇਰ ਵਿਭਾਗ ਦੇ ਕਾਮਿਆਂ ਨੇ ਕਾਬੂ ਪਾਇਆ। ਇਸ ਨਾਲ ਨੇੜਲੇ ਦੋ ਮਕਾਨਾਂ ਨੂੰ ਵੀ ਨੁਕਸਾਨ ਪੁੱਜਿਆ। ਮਕਾਨ ਮਾਲਕ ਰਕੇਸ਼ ਕੁਮਾਰ ਦੀ ਪਤਨੀ ਸੰਗੀਤਾ ਨੇ ਪੁਲੀਸ ਕੋਲ ਇਸ ਸਬੰਧ ਵਿਚ ਸ਼ਿਕਾਇਤ ਕੀਤੀ ਹੈ ਕਿ ਘਰ ਨੂੰ ਅੱਗ ਉਸ ਦੇ ਪਤੀ ਵਲੋਂ ਲਾਈ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਉਸਦਾ ਪਤੀ ਸ਼ਰਾਬ ਦਾ ਆਦੀ ਹੈ ਅਤੇ ਅਕਸਰ ਲੜਾਈ ਝਗੜਾ ਹੁੰਦਾ ਹੈ। ਕੁਝ ਦਿਨ ਪਹਿਲਾਂ ਉਸ ਨੇ ਪਤਨੀ ਤੇ ਦੋ ਬੱਚਿਆਂ ਨੂੰ ਘਰੋਂ ਕੱਢ ਦਿੱਤਾ ਸੀ, ਜੋ ਇਸ ਵੇਲੇ ਕਿਸੇ ਹੋਰ ਥਾਂ ’ਤੇ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਘਰ ਨੂੰ ਅੱਗ ਲਗਾਉਣ ਮਗਰੋਂ ਉਸ ਦਾ ਪਤੀ ਸਕੂਟਰ ਲੈ ਕੇ ਕਿਧਰੇ ਚਲੇ ਗਿਆ ਸੀ। ਉਸ ਨੇ ਰਕੇਸ਼ ਕੁਮਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਗਲੀ ਵਿਚ ਰਹਿੰਦੇ ਮਨਜੀਤ ਸਿੰਘ, ਪੂਜਾ ਤੇ ਹੋਰਨਾਂ ਨੇ ਕਿਹਾ ਕਿ ਰਾਕੇਸ਼ ਨੇ ਨਾ ਸਿਰਫ਼ ਆਪਣੇ ਮਕਾਨ ਨੂੰ ਅੱਗ ਲਾਈ ਹੈ ਸਗੋਂ ਇਸ ਨਾਲ ਦੂਜਿਆਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਹੈ। ਇਸ ਲਈ ਉਸ ਖਿਲਾਫ ਪੁਲੀਸ ਕਾਰਵਾਈ ਹੋਣੀ ਚਾਹੀਦੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਘਰ ਪੁਰਾਣਾ ਸੀ ਅਤੇ ਲੱਕੜ ਵਧੇਰੇ ਲੱਗੀ ਹੋਈ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।
ਘਰ ਵਿੱਚ ਏਸੀ ਬਲਾਸਟ ਹੋਣ ਨਾਲ ਤਿੰਨ ਝੁਲਸੇ
ਬਟਾਲਾ (ਹਰਜੀਤ ਸਿੰਘ ਪਰਮਾਰ): ਸਥਾਨਕ ਰਾਮ ਤੀਰਥ ਰੋਡ ’ਤੇ ਸਥਿੱਤ ਸੇਵਾ ਮੁਕਤ ਸਬ ਇੰਸਪੈਕਟਰ ਦੇ ਘਰ ਵਿੱਚ ਅਚਾਨਕ ਏਅਰ ਕੰਡੀਸ਼ਨ ਬਲਾਸਟ ਹੋਣ ਕਾਰਨ ਅੱਗ ਲੱਗ ਗਈ ਜਿਸ ਕਾਰਨ ਸੇਵਾ ਮੁਕਤ ਐੱਸਆਈ, ਉਸ ਦੀ ਪਤਨੀ ਅਤੇ ਇੱਕ ਹੋਰ ਵਿਅਕਤੀ ਝੁਲਸ ਗਏ। ਤਿੰਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਧਮਾਕੇ ਕਾਰਨ ਏਸੀ ਪਿਘਲ ਗਿਆ ਅਤੇ ਘਰ ਦਾ ਹੋਰ ਸਾਮਾਨ ਵੀ ਸੜ ਗਿਆ। ਸਿਵਲ ਹਸਪਤਾਲ ਬਟਾਲਾ ਵਿੱਚ ਜ਼ੇਰੇ ਇਲਾਜ ਨੰਦੂ ਪੁੱਤਰ ਸਾਦਕ ਮਸੀਹ ਵਾਸੀ ਈਸਾ ਕਲੋਨੀ ਬਟਾਲਾ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਸੇਵਾ ਮੁਕਤ ਸਬ ਇੰਸਪੈਕਟਰ ਪਿਆਰਾ ਸਿੰਘ ਨੇ ਏਸੀ ਦੀ ਗੈਸ ਲੀਕ ਹੋਣ ਦਾ ਸ਼ੱਕ ਹੋਣ ਕਰਕੇ ਆਪਣੇ ਘਰ ਬੁਲਾਇਆ ਸੀ ਅਤੇ ਜਦੋਂ ਉਹ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਅਚਾਨਕ ਏਸੀ ਬਲਾਸਟ ਹੋ ਗਿਆ। ਧਮਾਕੇ ਦੌਰਾਨ ਏਸੀ ਵਿੱਚੋਂ ਨਿਕਲੀ ਅੱਗ ਕਾਰਨ ਕਮਰੇ ਵਿੱਚ ਮੌਜੂਦ ਪਿਆਰਾ ਸਿੰਘ, ਉਸ ਦੀ ਪਤਨੀ ਅਤੇ ਉਹ ਖੁਦ ਝੁਲਸ ਗਏ।