ਜੋਗਿੰਦਰ ਸਿੰਘ ਮਾਨ
ਮਾਨਸਾ, 22 ਫਰਵਰੀ
ਮਾਲਵਾ ਪੱਟੀ ਵਿੱਚ ਕਈ ਦਿਨਾਂ ਤੋਂ ਪੈਣ ਲੱਗੀ ਗਰਮੀ ਤੋਂ ਬਾਅਦ ਅੱਜ ਅਚਾਨਕ ਮੌਸਮ ਦਾ ਮਿਜਾਜ਼ ਵਿਗੜਨ ਤੋਂ ਬਾਅਦ ਅੰਨਦਾਤਾ ਡਰ ਗਿਆ ਹੈ। ਲਗਾਤਾਰ ਤੇਜ਼ ਚੱਲੀ ਹਵਾ ਕਰਨ ਅਗੇਤੀਆਂ ਅਤੇ ਭਾਰੀਆਂ ਕਣਕਾਂ ਟੇਡੀਆਂ ਹੋਣ ਲੱਗੀਆਂ ਹਨ। ਜਿਹੜੀਆਂ ਕਣਕਾਂ ਨੂੰ ਤਾਜ਼ਾ ਪਾਣੀ ਲੱਗਿਆ ਹੋਇਆ ਸੀ, ਉਹ ਜ਼ਮੀਨ ’ਤੇ ਵਿਛ ਗਈਆਂ ਹਨ। ਖੇਤੀ ਮਾਹਿਰਾਂ ਵੱਲੋਂ ਅਗਲੇ 72 ਘੰਟੇ ਕਿਸਾਨਾਂ ਨੂੰ ਕਣਕ ਸਮੇਤ ਹੋਰ ਫ਼ਸਲਾਂ ਲਈ ਪਾਣੀ ਨਾ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਉਧਰ ਮੌਸਮ ਮਹਿਕਮੇ ਵਲੋਂ ਅਗਲੇ 48 ਘੰਟੇ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਦਿੱਤੀ ਚਿਤਾਵਨੀ ਤੋਂ ਕਿਸਾਨ ਘਬਰਾ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਗਰਜ਼,ਚਮਕ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਮੌਸਮ ਫਿਰੋਜ਼ਪੁਰ,ਮੋਗਾ, ਬਰਨਾਲਾ, ਮਾਨਸਾ, ਪਟਿਆਲਾ, ਰੂਪ ਨਗਰ,ਫ਼ਤਿਹਗੜ੍ਹ ਸਾਹਿਬ, ਐਸਏਐਸ ਨਗਰ, ਜੰਲਧਰ, ਕਪੂਰਥਲਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਰਹਿਣ ਦੀ ਜਾਣਕਾਰੀ ਮਿਲੀ ਹੈ, ਜਦੋਂ ਕਿ ਬਹੁਤੇ ਜ਼ਿਲ੍ਹਿਆਂ ਵਿੱਚ ਅਜਿਹਾ ਮੌਸਮ ਦੋ-ਤਿੰਨ ਦਿਨ ਵੀ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਮੌਸਮ ਰਹਿਣ ਕਾਰਨ ਘੱਟੋ-ਘੱਟ ਤਾਪਮਾਨ ਦੇ ਹੁਣ ਥੱਲੇ ਆਉਣ ਦੀ ਸੰਭਾਵਨਾ ਬਣ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 6.0 ਤੋਂ 9.0 ਦਰਮਿਆਨ ਰਹਿ ਸਕਦਾ ਹੈ ਅਤੇ ਕੁੱਝ ਕੁ ਥਾਵਾਂ ’ਤੇ ਗਰਜ਼ ਦੇ ਨਾਲ-ਨਾਲ ਮੀਂਹ ਪੈਣ ਦੀਆਂ ਸੰਭਾਵਨਾਵਾਂ ਵੀ ਬਣ ਗਈਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਮਾਹਿਰ ਡਾ. ਜੀ.ਐਸ ਰੋਮਾਣਾ ਨੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਣਕ ਸਮੇਤ ਆਪਣੀਆਂ ਫ਼ਸਲਾਂ ਨੂੰ ਪਾਣੀ ਨਾ ਲਾਉਣ।
ਬਠਿੰਡਾ (ਮਨੋਜ ਸ਼ਰਮਾ): ਇਥੇ ਤੇਜ਼ ਹਨ੍ਹੇਰੀ ਕਾਰਨ ਪਾਣੀ ਲੱਗੀ ਕਣਕ ਜ਼ਮੀਨ ’ਤੇ ਵਿਛ ਗਈ ਹੈ। ਅੱਜ ਆਸਮਾਨ ਵਿੱਚ ਹਲਕੀ ਬੱਦਲਵਾਈ ਰਹੀ ਤੇ ਧੂੜ ਭਰੀਆਂ ਹਵਾਵਾਂ ਚੱਲੀਆਂ। ਕਿਸਾਨਾਂ ਨੇ ਕਿਹਾ ਹੈ ਕਿ ਅੱਜ ਫੱਗਣ ਦੇ ਫਾਗ ਦੀ ਧੂੜ ਭਰੀਆਂ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਸੀ। ਕਣਕ ਦੀ ਫਸਲ ਨੂੰ ਪਾਣੀ ਲੱਗਿਆ ਹੋਣ ਕਾਰਨ ਬਹੁਤੇ ਖੇਤਰਾਂ ਵਿੱਚ ਕਣਕਾਂ ਨੇ ਗੋਤਾ ਖਾਧਾ।
ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਦਿਨ ਦਾ ਤਾਪਮਾਨ ਵਧਣ ਕਾਰਨ, ਗਰਮੀ ਮਹਿਸੂਸ ਹੋਣ ਲੱਗੀ ਸੀ ਅਤੇ ਖੇਤੀ ਮਾਹਰ ਵਧ ਰਹੇ ਤਾਪਮਾਨ ਨੂੰ ਚਿੰਤਾ ਦਾ ਵਿਸ਼ਾ ਮੰਨ ਰਹੇ ਸਨ। ਖੇਤੀ ਮਾਹਰ ਡਾ. ਜਸਵਿੰਦਰ ਸ਼ਰਮਾ ਨੇ ਦੱਸਿਆ ਕਿ ਦਿਨ ਦੇ ਮੌਸਮ ਵਿੱਚ ਗਰਮੀ ਵਧਣ ਕਾਰਨ ਮੌਸਮ ਬਦਲਿਆ ਹੈ, ਜਿਸ ਨਾਲ ਠੰਢ ਵਧੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਲਕੀ ਦਰਮਿਆਨੀ ਬਾਰਸ਼ ਹੁੰਦੀ ਹੈ ਤਾਂ ਇਹ ਕਣਕ ਦੀ ਫਸਲ ਲਈ ਬੇਹੱਦ ਲਾਹੇਵੰਦ ਰਹੇਗੀਹ, ਕਿਉਂਕਿ ਹਾਲੇ ਕਣਕ ਨੂੰ ਠੰਢ ਦੀ ਜ਼ਰੂਰਤ ਹੈ।
ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਗੁਰਸਾਹਿਬ ਸਿੰਘ ਰੋਮਾਣਾ ਨੇ ਦੱਸਿਆ ਕਿ ਬੀਤੀ ਰਾਤ ਕਣਕ ਦੀ ਫਸਲ ਨੂੰ ਪਾਣੀ ਲਗਾਇਆ ਗਿਆ ਸੀ, ਜਿਸ ਕਾਰਨ ਕਣਕ ਦੀ ਖੜ੍ਹੀ ਫਸਲ ਡਿੱਗ ਪਈ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਝੱਖੜ ਆ ਜਾਂਦਾ ਹੈ ਤਾਂ ਯਕੀਨਨ ਨੁਕਸਾਨ ਹੋਵੇਗਾ। ਤੇਜ਼ ਹਵਾ ਕਾਰਨ ਬਠਿੰਡਾ ਦੇ ਦਾਨ ਸਿੰਘ ਵਾਲਾ ਗਰਿੱਡ ਤੋਂ ਹੁੰਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ।