ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਮਈ
ਵਿਧਾਨ ਸਭਾ ਹਲਕਾ ਜਗਰਾਉਂ ਦੇ ਵੱਡੇ ਪਿੰਡ ਕਾਂਉਕੇ ਕਲਾਂ ’ਚ ਸਥਿਤੀ ਉਸ ਵੇਲੇ ਵਿਸਫੋਟਕ ਬਣ ਗਈ ਜਦੋਂ ਪੰਚਾਇਤ ਵੱਲੋਂ ਦਲਿਤ ਬਸਤੀ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਕਰਵਾਏ ਜਾ ਰਹੇ ਸੀਵਰੇਜ ਪਾਈਪਾਂ ਪਾਉਣ ਦੇ ਕੰਮ ਨੂੰ ਕੁੱਝ ਲੋਕਾਂ ਨੇ ਬੰਦ ਕਰਵਾ ਦਿੱਤਾ। ਲੜਾਈ ਝਗੜੇ ਦੇ ਡਰੋਂ ਪੰਚਾਇਤ ਨੇ ਪੁਲੀਸ ਬੁਲਾਈ। ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਸਮੇਤ ਤੇਜਿੰਦਰ ਕੌਰ, ਬਲਵਿੰਦਰ ਕੌਰ ਨੇ ਮਾਮਲੇ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਦਲਿਤ ਬਸਤੀ ਦੇ ਲੋਕ ਪਿਛਲੇ ਕਰੀਬ 40 ਵਰ੍ਹਿਆਂ ਤੋਂ ਸੀਵਰੇਜ ਦੇ ਮਾੜੇ ਪ੍ਰਬੰਧਾਂ ਤੋਂ ਡਾਢੇ ਔਖੇ ਸਨ। ਮੁਹੱਲੇ ਦਾ ਪਾਣੀ ਪਿੰਡ ਦੇ ਸਕੂਲ ਵਾਲੇ ਰਸਤੇ ’ਚ ਤਿੰਨ-ਚਾਰ ਫੁੱਟ ਡੂੰਘੀਆਂ ਪਾਈਪਾਂ ਪਾ ਕੇ ਪਿੰਡ ਦੇ ਦੂਸਰੇ ਪਾਸੇ ਵੱਗਦੇ ਨਾਲੇ ’ਚ ਪਾਉਣ ਦੀ ਤਜਵੀਜ਼ ਸੀ। ਪਰ ਜਦੋਂ ਖਾਲਾ ਪੁੱਟ ਕੇ ਪਾਈਪਾਂ ਪਾਉਣ ਦੇ ਕੰਮ ਨੂੰ ਅੰਤਿਮ ਛੋਹਾਂ ਦੇਣ ਦਾ ਮੌਕਾ ਅਇਆ ਤਾਂ ਪਿੰਡ ਦੀ ਬਾਬਾ ਰੋਡੂ ਸ਼ਾਹ ਕਮੇਟੀ ਤੇ ਉਨ੍ਹਾਂ ਦੇ ਨਾਲ ਪਿੰਡ ਨਾਲ ਹੀ ਸਬੰਧਤ ਧਿਰ ਨੇ ਅਦਾਲਤੀ ਸਟੇਅ ਲਿਆ ਦਿਖਾਇਆ ਤੇ ਕੰਮ ਬੰਦ ਕਰਨ ਲਈ ਆਖਿਆ। ਕੰਮ ਕਰਨ ਵਾਲਿਆਂ ਅਤੇ ਪੰਚਾਇਤ ’ਚ ਇਸ ਨੂੰ ਲੈ ਕੇ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਪੁਲੀਸ ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਸਥਿਤੀ ਸੰਭਾਲੀ। ਇਸ ਵੇਲੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੀਵਰੇਜ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਕਾਂਉਕੇ ਖੁਰਦ ਨੂੰ ਜਾਣ ਵਾਲੀ ਸੜਕ ਵੀ ਵਾਰ-ਵਾਰ ਟੁੱਟ ਜਾਂਦੀ ਹੈ। ਪਿਛਲੇ 40 ਵਰਿਆਂ ਤੋਂ ਪਾਣੀ ਦੇ ਉਚਿਤ ਪ੍ਰਬੰਧਾਂ ਦੀ ਮੰਗ ਕਰ ਰਹੇ ਦਲਿਤ ਭਾਈਚਾਰੇ ਦੀ ਬੜੀ ਮੁਸ਼ਕਲ ਨਾਲ ਸੁਣਵਾਈ ਅਤੇ ਮੰਗ ਪੂਰੀ ਹੋ ਰਹੀ ਸੀ, ਜਿਸ ਵਿੱਚ ਅੜਿੱਕੇ ਡਾਹ ਕੇ ਵਿਰੋਧੀ ਧਿਰ ਨੇ ਬਹੁਤ ਮਾੜਾ ਕੀਤਾ ਹੈ। ਦਲਿਤ ਪੰਚ ਸੁਖਵਿੰਦਰ ਕੌਰ ਨੇ ਆਖਿਆ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਅਸੀਂ ਵਿਰੋਧ ਜਿਤਾਉਣ ਵਾਲਿਆਂ ਦੇ ਬੂਹਿਆਂ ’ਚ ਧਰਨੇ ਮਾਰਾਂਗੇ। ਪੁਲੀਸ ਅਧਿਕਾਰੀ ਸੁਰਜੀਤ ਸਿੰਘ ਨੇ ਆਖਿਆ ਕਿ ਅਦਾਲਤੀ ਹੁੱਕਮਾਂ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੋਵਾਂ ਧਿਰਾਂ ਨੂੰ ਮਸਲੇ ਦਾ ਹੱਲ ਕਰਨ ਦੀ ਤਾਕੀਦ ਕੀਤੀ।
ਆਪਣੀ ਪੈਲੀ ਵਿੱਚ ਪਾਈਪਾਂ ਪਾਉਣ ਤੋਂ ਰੋਕਿਆ: ਦੂਜੀ ਧਿਰ
ਕਾਂਉਕੇ ਕਲਾਂ ’ਚ ਉਪਜੇ ਸੀਵਰੇਜ਼ ਵਿਵਾਦ ਵਿੱਚ ਵਿਰੋਧੀ ਧਿਰ ਦੇ ਮੈਂਬਰ ਪ੍ਰਧਾਨ ਪਰੀਤਮ ਸਿੰਘ ਨੇ ਇਸ ਸਬੰਧੀ ਆਖਿਆ ਕਿ ਉਸ ਦੇ ਪਿਤਾ ਮੇਜਰ ਸਿੰਘ ਨੇ ਇਹ ਪੈਲੀ ਖਰੀਦੀ ਸੀ। ਉਨ੍ਹਾਂ ਸੜਕ ਦੂਰ ਹੋਣ ਕਾਰਨ ਅਤੇ ਸਕੂਲ ਪੜ੍ਹਨ ਵਾਲੇ ਬੱਚਿਆਂ ਦੀ ਸਹੂਲਤ ਲਈ ਭਾਈਚਾਰਕ ਤੌਰ ’ਤੇ ਰਸਤਾ ਛੱਡਿਆ ਸੀ। ਇਹ ਕੋਈ ਸਰਕਾਰੀ ਰਸਤਾ ਨਹੀਂ ਹੈ। ਹੁੱਣ ਵੀ ਰਸਤਾ ਬੰਦ ਨਹੀਂ ਕੀਤਾ ਗਿਆ ਸਿਰਫ ਭਵਿੱਖ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਨਿੱਜੀ ਥਾਂ ’ਚ ਪਾਈਪਾਂ ਪਾਉਣ ਤੋਂ ਮਨਾ ਕੀਤਾ ਗਿਆ ਹੈ। ਉਹ ਪਿੰਡ ਦੇ ਵਿਕਾਸ ’ਚ ਕੋਈ ਅੜਿੱਕਾ ਨਹੀਂ ਡਾਹ ਰਹੇ।