ਦਲਬੀਰ ਸੱਖੋਵਾਲੀਆ
ਬਟਾਲਾ, 27 ਜਨਵਰੀ
ਕਾਂਗਰਸ ਹਾਈ ਕਮਾਨ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ ਵਿੱਚ ਬਟਾਲਾ ਤੋਂ ਅਸ਼ਵਨੀ ਸੇਖੜੀ ਨੂੰ ਟਿਕਟ ਦੇੇਣ ’ਤੇ ਹਲਕਾ ਬਟਾਲਾ ਦੇ ਸੀਨੀਅਰ ਪਾਰਟੀ ਆਗੂਆਂ ਅਤੇ ਵਰਕਰਾਂ ਵਿੱਚ ਰੋਸ ਹੈ। ਸਥਾਨਕ ਨਗਰ ਸੁਧਾਰ ਟਰੱਸਟ ਚੇਅਰਮੈਨ, ਨਗਰ ਨਿਗਮ ਮੇਅਰ, 30 ਕੌਂਸਲਰਾਂ ਅਤੇ ਹਲਕੇ ਦੇ 80 ਵਿੱਚੋਂ 72 ਪਿੰਡਾਂ ਦੇ ਪੰਚਾਂ, ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਸਭ ਦੀ ਸਲਾਹ ਨਾਲ ਜਲਦ ਹੀ ਕੋਈ ਠੋਸ ਫ਼ੈਸਲਾ ਲੈਣਗੇ। ਉਨ੍ਹਾਂ ਆਖਿਆ ਕਿ ਹਲਕਾ ਬਟਾਲਾ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਆਉਂਦੇ ਦਿਨਾਂ ਵਿੱਚ ਉਹ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਵਿਚਾਰ ਕਰਨਗੇ। ਨਗਰ ਨਿਗਮ ਦੇ ਮੇਅਰ ਸੁੱਖ ਤੇਜਾ ਨੇ ਕਿਹਾ ਕਿ ਸ੍ਰੀ ਸੇਖੜੀ ਜੋ ਪੰਚਾਇਤੀ, ਨਗਰ ਨਿਗਮ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ’ਚ ਪਾਰਟੀ ਦੇ ਪ੍ਰਚਾਰ-ਪ੍ਰਸਾਰ ਤੋਂ ਦੂਰ ਰਹੇ, ਉਹ ਅਜਿਹੇ ਉਮੀਦਵਾਰ ਦੀ ਮਦਦ ਨਹੀਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਬਟਾਲਾ ਤੋਂ ਸੇਖੜੀ ਨੂੰ ਦਿੱਤੀ ਟਿਕਟ ਬਦਲੀ ਜਾਵੇ ਜੇ ਅਜਿਹਾ ਨਾ ਹੋਇਆ ਤਾਂ ਕਾਂਗਰਸ ਪਾਰਟੀ ਨੂੰ ਇੱਥੋਂ ਨੁਕਸਾਨ ਹੋਵੇਗਾ। ਨਗਰ ਸੁਧਾਰ ਟਰੱਸਟ ਚੇਅਰਮੈਨ ਕਸਤੂਰੀ ਲਾਲ ਸੇਠ ਨੇ ਕਿਹਾ ਕਿ ਮੰਤਰੀ ਬਾਜਵਾ ਨੇ ਬਟਾਲਾ ਵਿੱਚ ਰਿਕਾਰਡ ਤੋੜ ਵਿਕਾਸ ਕਰਵਾਇਆ ਪਰ ਹਾਈ ਕਮਾਨ ਨੇ ਬਟਾਲਾ ਦੀ ਟਿਕਟ ’ਤੇ ਗ਼ਲਤ ਫ਼ੈਸਲਾ ਦਿੱਤਾ ਹੈ। ਇੱਕ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਦੱਸਿਆ ਕਿ ਮੰਤਰੀ ਬਾਜਵਾ ਦੇ ਫਰਜ਼ੰਦ ਅਤੇ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੂੰ ਬਟਾਲਾ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਾਉਣ ’ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤੀ ਜਾ ਰਹੀ ਹੈ। ਇਸ ਮੌਕੇ ਮੌਜੂਦ ਕੌਂਸਲਰਾਂ ਨੇ ਦੱਸਿਆ ਕਿ ਲੰਘੇ ਚਾਰ ਸਾਲਾਂ ਤੋਂ ਬਟਾਲਾ ਦੇ ਲੋਕਾਂ ਤੋਂ ਦੂਰ ਰਹਿਣ ਵਾਲੇ ਸੇਖੜੀ ਅਕਸਰ ਪੱਤਰਕਾਰਾਂ ਅਤੇ ਮੰਚਾਂ ’ਤੇ ਮੰਤਰੀ ਬਾਜਵਾ ਨੂੰ ‘ਤਾਲਿਬਾਨੀ’ ਵਜੋਂ ਸੰਬੋਧਨ ਕਰਦੇ ਸਨ ਫਿਰ ਉਹ ਚੋਣਾਂ ਦੌਰਾਨ ਅਜਿਹੇ ਉਮੀਦਵਾਰ ਦੀ ਕਿਉਂ ਅਤੇ ਕਿਵੇਂ ਸਹਾਇਤਾ ਕਰਨਗੇ? ਦੱਸਣਯੋਗ ਹੈ ਕਿ ਮੰਤਰੀ ਬਾਜਵਾ ਦੇ ਸਮਰਥਕ ਬਾਜਵਾ ਨੂੰ ਬਟਾਲਾ ਤੋਂ ਚੋਣ ਲੜਾਉਣ ਦੇ ਇਛੁੱਕ ਸਨ ਪਰ ਹਾਈ ਕਮਾਨ ਨੇ ਉਨ੍ਹਾਂ ਨੂੰ ਪਿੱਤਰੀ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਟਿਕਟ ਦਿੱਤੀ ਹੈ।