ਟ੍ਰਿਬਿਊਨ ਨਿਊਜ਼ ਸਰਵਿਸ
ਸਰੀ, 28 ਅਗਸਤ
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਕਰਵਾਈ ਵਿਸ਼ੇਸ਼ ਕਾਨਫਰੰਸ ਦੌਰਾਨ ਸੰਸਾਰ ਭਰ ਵਿਚ ਅਧਿਆਪਕ ਕਾਰਕੁਨਾਂ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਦਾ ਮਸਲਾ ਵਿਚਾਰਿਆ ਗਿਆ। ‘ਅਧਿਆਪਕ ਕਾਰਕੁਨ ਹੋਣ ਦੇ ਖ਼ਤਰਨਾਕ ਜੋਖਿਮ’ ਵਿਸ਼ੇ ’ਤੇ ਭਾਰਤ ਵੱਲੋਂ ‘ਰੈਡੀਕਲ ਦੇਸੀ’ ਦੇ ਕਰਤਾ-ਧਰਤਾ ਗੁਰਪ੍ਰੀਤ ਸਿੰਘ, ਇਰਾਨ ਵੱਲੋਂ ਮਸੂਦ ਅਮੀਨ ਅਤੇ ਮੈਕਸਿਕੋ ਵੱਲੋਂ ਲੂਸੀਆ ਮੋਰਾਲਸ ਨੇ ਆਪੋ-ਆਪਣੇ ਵਿਚਾਰ ਪ੍ਰਗਟਾਏ। ਗੁਰਪ੍ਰੀਤ ਸਿੰਘ ਅਤੇ ਮਸੂਦ ਅਮੀਨ ਇਸ ਕਾਨਫਰੰਸ ਵਿੱਚ ਸ਼ਾਮਲ ਹੋਏ, ਜਦਕਿ ਲੂਸੀਆ ਮੋਰਾਲਜ਼ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਬ੍ਰਿਟਿਸ਼ ਕੋਲੰਬੀਆ ਟੀਚਰਜ਼ ਐਸੋਸੀਏਸ਼ਨ ਦੀ ਇੰਟਰਨੈਸ਼ਨਲ ਸੌਲਿਡੈਰਿਟੀ ਕਮੇਟੀ ਵੱਲੋਂ ਕਰਵਾਈ ਇਸ ਕਾਨਫਰੰਸ ਵਿਚ ਗੁਰਪ੍ਰੀਤ ਸਿੰਘ ਨੇ ਭਾਰਤ ਦੇ ਛੇ ਅਧਿਆਪਕ ਕਾਰਕੁਨਾਂ, ਪ੍ਰੋ. ਜੀਐੱਨ ਸਾਈਬਾਬਾ, ਪ੍ਰੋ. ਆਨੰਦ ਤੈਲਤੁੰਬੜੇ, ਪ੍ਰੋ. ਵਰਵਰਾ ਰਾਓ, ਪ੍ਰੋ. ਸੋਮਾ ਸੇਨ, ਪ੍ਰੋ. ਵੀ ਗੋਂਜ਼ਾਲਵਸ ਅਤੇ ਪ੍ਰੋ. ਹੈਨੀ ਬਾਬੂ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ। ਯਾਦ ਰਹੇ ਕਿ ਇਨ੍ਹਾਂ ਸਾਰਿਆਂ ਨੂੰ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲ ਹੀ ਵਿਚ ਸੁਪਰੀਮ ਕੋਰਟ ਨੇ ਵਰਵਰਾ ਰਾਓ ਨੂੰ ਮੈਡੀਕਲ ਆਧਾਰ ’ਤੇ ਜ਼ਮਾਨਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰੋ. ਸਾਈਬਾਬਾ ਜਿਹੜੇ ਲੱਕ ਤੋਂ ਹੇਠਾਂ 90 ਫ਼ੀਸਦੀ ਅਪਾਹਜ ਹਨ, ਨੂੰ ਢੰਗ ਨਾਲ ਮੈਡੀਕਲ ਮਦਦ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਬਾਅਦ ਵਿੱਚ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਵਿੱਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਗੁਜਰਾਤ ਸਰਕਾਰ ਬਿਲਕੀਸ ਬਾਨੋ ਕੇਸ ਵਿਚ ਜਬਰ ਜਨਾਹ ਦੇ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਕੇ ਉਨ੍ਹਾਂ ਨੂੰ ਰਿਹਾਅ ਕਰ ਰਹੀ ਹੈ, ਦੂਜੇ ਪਾਸੇ ਅਪਾਹਜ ਪ੍ਰੋ. ਸਾਈਬਾਬਾ ਦੀ ਗੱਲ ਤੱਕ ਨਹੀਂ ਸੁਣੀ ਜਾ ਰਹੀ। ਉਨ੍ਹਾਂ ਕਿਹਾ ਕਿ ਅਧਿਆਪਕ ਕਾਰਕੁਨਾਂ ਅਤੇ ਹੱਕਾਂ ਲਈ ਜੂਝਦੇ ਹੋਰ ਕਾਰਕੁਨਾਂ ਲਈ ਹਰ ਪਾਸਿਓਂ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ।