ਖੇਤਰੀ ਪ੍ਰਤੀਨਿਧ
ਬਰਨਾਲਾ, 17 ਅਗਸਤ
ਦਿੱਲੀ ਦੇ ਟਿੱਕਰੀ ਬਾਰਡਰ ਮੋਰਚੇ ਤੋਂ ਪਰਤੇ ਲੰਘੀ 14 ਅਗਸਤ ਨੂੰ ਇਲਾਜ ਦੌਰਾਨ ਦਮ ਤੋੜਨ ਵਾਲੇ ਬੀਕੇਯੂ ਡਕੌਂਦਾ ਦੇ ਬਲਾਕ ਬਰਨਾਲਾ ਦੇ ਖਜ਼ਾਨਚੀ ਨਿਰਮਲ ਸਿੰਘ ਹਮੀਦੀ ਦੀ ਮ੍ਰਿਤਕ ਦੇਹ ਦਾ ਅੱਜ ਤੀਜੇ ਦਿਨ ਵੀ ਸਸਕਾਰ ਨਹੀਂ ਹੋਇਆ। ਜਥੇਬੰਦੀ ਨੇ ਮੁਆਵਜ਼ਾ ਮਿਲਣ ਤੱਕ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਵਫ਼ਦ ਨੇ ਡੀਸੀ ਦਫ਼ਤਰ ਪੁੱਜ ਕੇ ਪ੍ਰਦਰਸ਼ਨ ਕਰਦਿਆਂ ਅਧਿਕਾਰੀਆਂ ਨਾਲ ਮੰਗਾਂ ਸਬੰਧੀ ਗੱਲਬਾਤ ਵੀ ਕੀਤੀ।
ਵਫ਼ਦ ਵਿੱਚ ਸ਼ਾਮਲ ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਜਗਰਾਜ ਸਿੰਘ ਹਰਦਾਸਪੁਰਾ, ਪਰਮਿੰਦਰ ਸਿੰਘ ਹੰਡਿਆਇਆ, ਬਾਬੂ ਸਿੰਘ ਖੁੱਡੀਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਮਲਕੀਤ ਸਿੰਘ ਈਨਾ ਨੇ ਦੱਸਿਆ ਕਿ ਨਿਰਮਲ ਸਿੰਘ ਸੋਹੀ ਹਮੀਦੀਦੀ ਟਿੱਕਰੀ ਮੋਰਚੇ ਤੋਂ ਪਰਤਣ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਵਿੱਚ ਦੌਰਾਨ ਮੌਤ ਹੋ ਗਈ ਸੀ, ਜਿਸ ਨੂੰ ਜਥੇਬੰਦੀ ਵੱਲੋਂ ਸੰਘਰਸ਼ੀ ਸ਼ਹੀਦ ਐਲਾਨਦਿਆਂ ਮ੍ਰਿਤਕ ਦੇ ਵਾਰਸਾਂ ਨੂੰ 10 ਲੱਖ ਮੁਆਵਜ਼ਾ, ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਤੇ ਸਮੁੱਚੇ ਕਰਜ਼ੇ ’ਤੇ ਲਕੀਰ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ। ਆਗੂਆਂ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਪ੍ਰਸ਼ਾਸਨ ਵੱਲੋਂ ਉਕਤ ਮੰਗਾਂ ਨਹੀਂ ਮੰਨਦਾ, ਸ਼ਹੀਦ ਕਿਸਾਨ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਬਲਕਿ ਭਲਕ ਤੋਂ ਪ੍ਰਸ਼ਾਸਨ ਖ਼ਿਲਾਫ਼ ਬਕਾਇਦਾ ਸੰਘਰਸ਼ ਵੀ ਆਰੰਭਿਆ ਜਾਵੇਗਾ।
ਕਿਸਾਨ ਨਿਰਮਲ ਸਿੰਘ ਦੀ ਮ੍ਰਿਤਕ ਦੇਹ 15 ਅਗਸਤ ਤੋਂ ਹੀ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਮੌਰਚਰੀ ਵਿੱਚ ਰੱਖੀ ਹੋਈ ਹੈ। ਆਗੂਆਂ ਡੀਸੀ ਦਫ਼ਤਰ ਵਿੱਚ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਹਰਚਰਨ ਸਿੰਘ ਸੁਖਪੁਰਾ, ਗੋਪਾਲ ਕਰਿਸ਼ਨ ਹਮੀਦੀ, ਰਾਜ ਸਿੰਘ ਹਮੀਦੀ, ਕੇਵਲ ਸਿੰਘ ਹਮੀਦੀ, ਨਾਨਕ ਸਿੰਘ, ਲਾਲ ਸਿੰਘ ਅਮਲਾਂ ਸਿੰਘ ਵਾਲਾ, ਜੱਗਾ ਸਿੰਘ ਮਹਿਲ ਕਲਾਂ, ਅਮਨਦੀਪ ਸਿੰਘ ਮਹਿਲਕਲਾਂ, ਗੁਰਨਾਮ ਸਿੰਘ, ਜਗਜੀਤ ਸਿੰਘ ਸੁਖਪੁਰਾ ਆਦਿ ਆਗੂ ਵੀ ਹਾਜ਼ਰ ਸਨ।