ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਜੂਨ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਚੱਲ ਰਹੀ ਗੁਰਮਤਿ ਸੰਗੀਤ ਕਾਰਜਸ਼ਾਲਾ ਦੀ ਸਮਾਪਤੀ ਮੌਕੇ ਜਵੱਦੀ ਟਕਸਾਲ ਦੇ ਮੁੱਖੀ ਸੰਤ ਬਾਬਾ ਅਮੀਰ ਸਿੰਘ ਨੇ ਕਾਰਜਸ਼ਾਲਾ ਦੇ ਵਿਦਿਆਰਥੀਆਂ ਅਤੇ ਪ੍ਰਮੁੱਖ ਸੰਗੀਤ ਉਸਤਾਦਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੋ ਲਹਿਰ ਆਰੰਭ ਕੀਤੀ ਗਈ ਸੀ ਉਹ ਅੱਜ ਬੁਲੰਦ ਉੱਚਾਈਆਂ ਵੱਲ ਜਾ ਰਹੀ ਹੈ ਜਿਸ ਸਦਕਾ ਨੋਜਵਾਨ ਪੀੜ੍ਹੀ ਤੇ ਬੱਚਿਆਂ ਅੰਦਰ ਗੁਰਮਤਿ ਸੰਗੀਤ ਕਲਾ ਤੇ ਤੰਤੀ ਸਾਜ਼ਾਂ ਦੇ ਸਿੱਖਣ ਦਾ ਰੁਝਾਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਕਾਰਜਸ਼ਾਲਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਅਸੀਸ ਦਿੰਦਿਆਂ ਕਿਹਾ ਕਿ ਉਹ ਪੂਰੀ ਇੱਕਸੁਰਤਾ ਨਾਲ ਗੁਰਮਤਿ ਸੰਗੀਤ ਕਲਾ ਨੂੰ ਸਿੱਖਣ ਤੇ ਵੱਖ ਵੱਖ ਤੰਤੀ ਸਾਜ਼ਾਂ ਨੂੰ ਵਜਾਉਣ ਲਈ ਆਪਣੇ ਤੌਰ ਤੇ ਵੱਧ ਤੋ ਵੱਧ ਰਿਆਜ਼ ਕਰਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਪ੍ਰਤੀਬਾ ਵਿੱਚ ਹੋਰ ਨਿਖਾਰ ਆ ਸਕੇ।
ਇਸ ਮੋਕੇ ਸੰਤ ਬਾਬਾ ਅਮੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪੁੱਜੇ ਉਸਤਾਦਾਂ ਦਾ ਸਨਮਾਨ ਕੀਤਾ।