ਪੱਤਰ ਪ੍ਰੇਰਕ
ਮਾਨਸਾ, 12 ਮਈ
ਪੰਜਾਬ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਆਪਣੇ ਪਰਿਵਾਰਾਂ ਸਣੇ ਆਏ ਪਰਵਾਸੀ ਮਜ਼ਦੂਰਾਂ ਦਾ ਕਰੋਨਾਵਾਇਰਸ ਨੇ ਸੂਬੇ ਤੋਂ ਮੋਹ ਭੰਗ ਕਰ ਦਿੱਤਾ ਹੈ। ਅੱਜ-ਕੱਲ੍ਹ ਕਮਾਈ ਦਾ ਸੀਜਨ ਹੋਣ ਕਰ ਕੇ ਜਦੋਂ ਪਰਵਾਸੀ ਮਜ਼ਦੂਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪੰਜਾਬ ਆਉਂਦੇ ਸਨ, ਉੱਥੇ ਹੁਣ ਕਰੋਨਾ ਕਾਰਨ ਗੁਰੂਆਂ-ਪੀਰਾਂ ਦੀ ਇਸ ਮਿੱਟੀ ਤੋਂ ਉਨ੍ਹਾਂ ਨੂੰ ਡਰ ਲੱਗਣ ਲੱਗਿਆ ਹੈ। ਜਿਹੜੀ ਮਿੱਟੀ ’ਚੋਂ ਕਿਸੇ ਵੇਲੇ ਪਰਵਾਸੀਆਂ ਨੂੰ ਨੋਟਾਂ ਦੀ ਖੁਸ਼ਬੂ ਆਉਂਦੀ ਸੀ, ਉਸੇ ਤੋਂ ਕਰੋਨਾ ਦੇ ਖੌਫ਼ ਨਾਲ ਮੌਤ ਦਾ ‘ਡਰ’ ਸਤਾਉਣ ਲੱਗਿਆ ਹੈ, ਜਿਸ ਕਾਰਨ ਪਰਵਾਸੀ ਮਜ਼ਦੂਰ ਘਰਾਂ ਨੂੰ ਮੁੜਨ ਲਈ ਕਾਹਲੇ ਪਏ ਹੋਏ ਹਨ।
ਮਾਨਸਾ ਤੋਂ ਹਰ-ਰੋਜ਼ ਤਿੰਨ-ਚਾਰ ਪ੍ਰਾਈਵੇਟ ਬੱਸਾਂ ਬਿਹਾਰ, ਯੂਪੀ ਅਤੇ ਉਤਰਾਖੰਡ ਲਈ ਮਜ਼ਦੂਰਾਂ ਨੂੰ ਲੈ ਕੇ ਰਵਾਨਾ ਹੁੰਦੀਆਂ ਹਨ। ਬੱਸਾਂ ਵਾਲਿਆਂ ਵੱਲੋਂ ਪ੍ਰਤੀ ਸਵਾਰੀ 1500 ਤੋਂ 2500 ਰੁਪਏ ਲਏ ਜਾਂਦੇ ਹਨ। ਇਹ ਮਜ਼ਦੂਰ ਆਪਣੀ ਜਨਮ ਭੂਮੀ ਜਾਣ ਲਈ ਬਕਾਇਦਾ ਆਪਣੀ ਸੀਟ ਦੀ ਬੁਕਿੰਗ ਕਰਵਾਉਂਦੇ ਹਨ। ਇਨ੍ਹਾਂ ਪਰਵਾਸੀਆਂ ਨੇ ਮੰਨਿਆ ਕਿ ਉਹ ਦਿਲੋਂ ਨਹੀਂ ਚਾਹੁੰਦੇ ਕਿ ਪੰਜਾਬ ਨੂੰ ਛੱਡ ਕੇ ਜਾਣ ਪਰ ਕਰੋਨਾ ਦੇ ਖੌਫ਼ ਨੇ ਚਿਰਾਂ ਤੋਂ ਛੱਡੇ ਘਰ ਮੁੜ ਚੇਤੇ ਕਰਵਾ ਦਿੱਤੇ ਹਨ।
ਇਹ ਵੀ ਪਤਾ ਲੱਗਿਆ ਹੈ ਕਿ ਆਪਣੇ ਵਤਨਾਂ ਨੂੰ ਵਾਪਸ ਜਾ ਰਹੇ ਪਰਵਾਸੀ ਮਜ਼ਦੂਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਿਨਾਂ ਦੱਸਿਆ ਪ੍ਰਾਈਵੇਟ ਬੱਸਾਂ ਦਾ ਸਹਾਰਾ ਲੈ ਕੇ ਪਰਤ ਰਹੇ ਹਨ, ਜਦੋਂਕਿ ਪਿਛਲੇ ਸਾਲ ਹਰ ਸਬ-ਡਿਵੀਜ਼ਨ ਦੇ ਐਸਡੀਐਮ ਕੋਲ ਪਰਵਾਸੀ ਵਿਅਕਤੀ ਆਪਣੇ ਰਾਜਾਂ ਵਿੱਚ ਜਾਣ ਦੀ ਇੱਛਾ ਅਨੁਸਾਰ ਆਨ-ਲਾਈਨ ਦਰਖਾਸਤਾਂ ਦਿੰਦੇ ਸਨ, ਪਰ ਇਸ ਵਾਰ ਅਜਿਹਾ ਕਿਧਰੇ ਨਜ਼ਰ ਨਹੀਂ ਆਇਆ ਹੈ।
ਇਸ ਬਾਰੇ ਮਾਨਸਾ ਦੇ ਐਸਡੀਐਮ ਡਾ. ਸਿਖਾ ਭਗਤ ਨੇ ਕਿਹਾ ਕਿ ਕਿਸੇ ਵੀ ਪਰਵਾਸੀ ਮਜ਼ਦੂਰ ਨੇ ਅਜੇ ਤੱਕ ਪ੍ਰਸ਼ਾਸਨ ਕੋਲ ਅਜਿਹੀ ਅਰਜ਼ੀ ਦੇਣ ਦਾ ਤਹੱਈਆ ਨਹੀਂ ਕੀਤਾ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਆਪਣੇ ਘਰਾਂ ਨੂੰ ਵਾਪਸ ਮੁੜਨ ਦੀ ਅਰਜ਼ੋਈ ਕੀਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਅਜਿਹਾ ਕੋਈ ਪੋਰਟਲ ਵੀ ਨਹੀਂ ਖੋਲ੍ਹਿਆ ਗਿਆ ਹੈ।