ਦਵਿੰਦਰ ਸਿੰਘ ਭੰਗੂ
ਰਈਆ, 9 ਅਪਰੈਲ
ਬਿਆਸ ਪੁਲੀਸ ਨੇ ਅੱਜ ਕਲਾਨੌਰ ਢਾਬਾ ਬਿਆਸ ’ਤੇ ਛਾਪਾ ਮਾਰ ਕੇ 16 ਹਥਿਆਰਬੰਦ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 7 ਰਾਈਫਲਾਂ, 7 ਪਿਸਤੌਲ, 14 ਮੈਗਜ਼ੀਨ ਤੇ ਤਿੰਨ ਗੱਡੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਵਿੱਚ ਹਲਕਾ ਬਾਬਾ ਬਕਾਲਾ ਦੇ ਸਾਬਕਾ ਕਾਂਗਰਸੀ ਵਿਧਾਇਕ ਦਾ ਪੀਏ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਥਾਣਾ ਬਿਆਸ ਦੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਬੰਦੇ ਹਥਿਆਰਾਂ ਸਣੇ ਕਲਾਨੌਰ ਢਾਬਾ ਬਿਆਸ ਵਾਲੀ ਸੜਕ ’ਤੇ ਬੈਠੇ ਹਨ, ਜਿਸ ਮਗਰੋਂ ਪੁਲੀਸ ਪਾਰਟੀ ਨੇ ਉਕਤ ਥਾਂ ’ਤੇ ਛਾਪਾ ਮਾਰ ਕੇ ਬਲਵਿੰਦਰ ਸਿੰਘ ਵਾਸੀ ਸਠਿਆਲਾ, ਪ੍ਰਭਜੀਤ ਸਿੰਘ ਵਾਸੀ ਸੇਰੋਂ ਬਾਘਾ, ਜਰਮਨਜੀਤ ਸਿੰਘ ਵਾਸੀ ਜਾਵੰਦਪੁਰ, ਗੁਰਦੀਪ ਸਿੰਘ ਵਾਸੀ ਸਠਿਆਲਾ, ਗੁਰਪ੍ਰੀਤ ਸਿੰਘ ਬਲ ਸਰਾਂ, ਰੁਪਿੰਦਰ ਸਿੰਘ ਵਾਸੀ ਫ਼ਾਜ਼ਿਲਪੁਰ, ਮਨਜਿੰਦਰ ਸਿੰਘ ਵਾਸੀ ਧਰਦਿਓ, ਗਗਨਦੀਪ ਸਿੰਘ ਵਾਸੀ ਟਾਂਗਰਾ, ਮਨਪ੍ਰੀਤ ਸਿੰਘ ਵਾਸੀ ਚੰਬਲ, ਗੁਰਪ੍ਰੀਤ ਸਿੰਘ ਗੋਪੀ ਵਾਸੀ ਸਠਿਆਲਾ ਤੇ ਬੇਅੰਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ ਅਸਲਾ ਬਰਾਮਦ ਕੀਤਾ।