ਪੱਤਰ ਪ੍ਰੇਰਕ
ਮਾਛੀਵਾੜਾ, 29 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ ਜਿਸ ਤਹਿਤ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਉਣ ਅਤੇ ਗੁਰਮਤਿ ਮਾਰਚ ਕੱਢਣ ਦਾ ਉਪਰਾਲਾ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਵਿਖੇ ਪ੍ਰਿੰਸੀਪਲ ਡਾ. ਰਜਿੰਦਰ ਕੌਰ, ਡਾ. ਸੁਨੀਤਾ ਕੌਸ਼ਲ ਅਤੇ ਬੀਬੀ ਬਲਜਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਕਾਲਜ ਵਿਖੇ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕੀਤੇ ਗਏ। ਉਪਰੰਤ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਅਮਨਪ੍ਰੀਤ ਕੌਰ ਕੰਗ ਅਤੇ ਵਿਦਿਆਰਥਣਾਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ।
ਪ੍ਰਚਾਰਕ ਭਾਈ ਬਚਿੱਤਰ ਸਿੰਘ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਿਆਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹਰਜਤਿੰਦਰ ਸਿੰਘ ਬਾਜਵਾ, ਹਰਦੀਪ ਸਿੰਘ ਬਹਿਲੋਲਪੁਰ, ਚਰਨਜੀਤ ਸਿੰਘ ਲੱਖੋਵਾਲ ਤੇ ਹੋਰ ਹਾਜ਼ਰ ਸਨ।