ਸਤਵਿੰਦਰ ਬਸਰਾ
ਲੁਧਿਆਣਾ, 11 ਜੁਲਾਈ
ਇੰਟਰਨਸ਼ਿਪ ਅਲਾਊਂਸ ਵਿੱਚ ਵਾਧੇ ਨੂੰ ਲੈ ਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਵੈਟਰਨਰੀ ਵਿਦਿਆਰਥੀਆਂ ਨੇ ਅੱਜ ਤੋਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵਿੱਚ ਪੱਕਾ ਧਰਨਾ ਲਾ ਦਿੱਤਾ ਹੈ। ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ, ਓਪੀਡੀ ਸਹੂਲਤਾਂ ਚਾਲੂ ਨਹੀਂ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ 13 ਜੂਨ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਭਰੋਸਾ ਦੇਣ ਤੋਂ ਬਾਅਦ ਵਿਦਿਆਰਥੀਆ ਨੇ ਧਰਨਾ ਮੁਲਤਵੀ ਕਰ ਦਿੱਤਾ ਸੀ। ਵੈਟਰਨਰੀ ਸਟੂਡੈਂਟਸ ਯੂਨੀਅਨ ਵੱਲੋਂ ਸ਼ੁਰੂ ਕੀਤੇ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪਿਛਲੇ ਮਹੀਨੇ ਸੂਬੇ ਦੇ ਕੈਬਨਿਟ ਮੰਤਰੀ ਸ੍ਰੀ ਧਾਲੀਵਾਲ ਵੱਲੋਂ ਉਨ੍ਹਾਂ ਨੂੰ ਮੰਗ ਜਲਦੀ ਮੰਨਣ ਦਾ ਭਰੋਸਾ ਦਿੱਤਾ ਗਿਆ, ਮੰਗ ਪੂਰੀ ਨਾ ਹੋਣ ’ਤੇ ਕਥਿਤ ਤੌਰ ’ਤੇ ਖੁਦ ਵਿਦਿਆਰਥੀਆਂ ਨਾਲ ਧਰਨਾ ਦੇਣ ਦੀ ਗੱਲ ਆਖੀ ਸੀ। ਹੁਣ 0ਸਰਕਾਰ ਨੇ ਕਰੀਬ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਮੰਗ ਨੂੰ ਅਣਗੌਲਿਆਂ ਕਰੀ ਰੱਖਿਆ ਹੈ। ਵੈਟਰਨਰੀ ਵਿਦਿਆਰਥੀਆਂ ਵੱਲੋਂ ਭੱਤਾ 6200 ਰੁਪਏ ਦੀ ਥਾਂ 17,000 ਰੁਪਏ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਟਾਲਮਟੌਲ ਦੀ ਨੀਤੀ ਨੇ ਹੀ ਉਨ੍ਹਾਂ ਨੂੰ ਦੁਬਾਰਾ ਤੋਂ ਧਰਨਾ ਲਗਾਉਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ 24 ਘੰਟੇ ਦਿਨ-ਰਾਤ ਜਾਰੀ ਰਹੇਗਾ। ਯੂਨੀਅਨ ਦੇ ਪੰਜ-ਪੰਜ ਮੈਂਬਰਾਂ ਵੱਲੋਂ ਰੋਜ਼ਾਨਾ ਭੁੱਖ ਹੜਤਾਲ ਵੀ ਕੀਤੀ ਜਾਵੇਗੀ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮਨ ਲੈਂਦੀ। ਦੂਜੇ ਪਾਸੇ ਵੈਟਰਨਰੀ ਟੀਚਿੰਗ ਐਸੋਸੀਏਸ਼ਨ ਵੱਲੋਂ ਵੀ ਹੜਤਾਲ ’ਤੇ ਬੈਠੇ ਵਿਦਿਆਰਥੀਆਂ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡਣ ਦੀ ਅਪੀਲ ਕੀਤੀ। ਇੱਥੇ ਦੱਸਣਯੋਗ ਹੈ ਕਿ ਵਿਦਿਆਰਥੀਆਂ ਵੱਲੋਂ ਪਿਛਲੇ ਮਹੀਨੇ ਵੀ ਬੂਟ ਪਾਲਿਸ਼ ਕਰਕੇ, ਸ਼ਿੰਕਜਵੀਂ ਅਤੇ ਫਾਸਟ ਫੂਡ ਆਦਿ ਵੇਚ ਕੇ ਵੱਖਰੇ ਢੰਗ ਨਾਲ ਆਪਣਾ ਰੋਸ ਪ੍ਰਗਟਾਇਆ ਗਿਆ ਸੀ। ਇਸ ਤੋਂ ਬਾਅਦ ਕੈਬਨਿਟ ਮੰਤਰੀ ਦੇ ਭਰੋਸੇ ਤੋਂ ਬਾਅਦ ਵੈਟਰਨਰੀ ਵਿਦਿਆਰਥੀਆਂ ਨੇ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਸੀ।