ਨਵੀਂ ਦਿੱਲੀ, 22 ਨਵੰਬਰ
ਦਿੱਲੀ ਪੁਲੀਸ ਨੇ ਫਰਵਰੀ ਮਹੀਨੇ ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਫਿਰਕੂ ਹਿੰਸਾ ਮਾਮਲੇ ਵਿੱਚ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਆਗੂ ਊਮਰ ਖਾਲਿਦ ਤੇ ਯੂਨੀਵਰਸਿਟੀ ਵਿਦਿਆਰਥੀ ਸ਼ਰਜੀਲ ਇਮਾਮ ਖ਼ਿਲਾਫ਼ ਅੱਜ ਕੋਰਟ ’ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਦੋਵਾਂ ਖ਼ਿਲਾਫ਼ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੋਵਾਂ ’ਤੇ ਦੰਗੇ ਕਰਨ, ਗੈਰਕਾਨੂੰਨੀ ਇਕੱਠ, ਅਪਰਾਧਿਕ ਸਾਜ਼ਿਸ਼, ਕਤਲ ਅਤੇ ਧਰਮ, ਭਾਸ਼ਾ ਤੇ ਜਾਤ ਦੇ ਆਧਾਰ ’ਤੇ ਵੈਰ-ਵਿਰੋਧ ਨੂੰ ਹਵਾ ਦੇਣ ਸਮੇਤ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਚੇਤੇ ਰਹੇ ਕਿ ਉੱਤਰ ਪੂਰਬੀ ਦਿੱਲੀ ’ਚ 24 ਫਰਵਰੀ ਨੂੰ ਭੜਕੀ ਹਿੰਸਾ ਮਗਰੋਂ ਹੋਏ ਫਿਰਕੂ ਦੰਗਿਆਂ ’ਚ 53 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਤੇ 200 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। -ਪੀਟੀਆਈ