ਲੁਧਿਆਣਾ: ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਜੀਐੱਨਡੀਈ ਦਾ 66ਵਾਂ ਸਥਾਪਨਾ ਦਿਵਸ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪ੍ਰਾਜੈਕਟਾਂ ਦੀ ਨੁਮਾਇਸ਼ ਅਤੇ ਸਕੂਲਾਂ ਦੇ ਵਿਦਿਆਰਥੀਆਂ ਦੇ ‘ਜੀਐੱਨਈ ਏਪੈਕਸ-2022’ ਨਾਂ ਹੇਠ ਕਰਵਾਏ ਮੁਕਾਬਲਿਆਂ ਰਾਹੀਂ ਮਨਾਇਆ ਗਿਆ। ਸਮਾਗਮ ਦਾ ਆਰੰਭ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਜਪੁਜੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਰਾਹੀਂ ਹੋਇਆ। ਇਸ ਮੌਕੇ ਲੱਗੀ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ 70 ਦੇ ਕਰੀਬ ਪ੍ਰਾਜੈਕਟ ਪ੍ਰਦਰਸ਼ਿਤ ਕੀਤੇ ਗਏ। ਕਾਲਜ ਦੇ ਵਿਦਿਆਰਥੀਆਂ ਭਰਤ ਗੋਇਲ, ਕਮਲਪ੍ਰੀਤ ਸਿੰਘ, ਕਰਨ ਭਾਰਦਵਾਜ ਵੱਲੋਂ ਤਿਆਰ ‘ਏਅਰ ਪਿਯੂਰੀਫਾਇਰ’ ਪ੍ਰਾਜੈਕਟ ਸਭ ਤੋਂ ਵੱਧ ਪਸੰਦ ਕੀਤਾ ਗਿਆ। ਇਸੇ ਤਰ੍ਹਾਂ ਅਰਸ਼ਪ੍ਰੀਤ ਸਿੰਘ, ਮਹਿਕ ਅਤੇ ਕਨਿਸ਼ਕਾ ਵੱਲੋਂ ਤਿਆਰ ‘ਹਾਰਡਵੇਅਰ ਟਰੋਜਨ’ ਵੀ ਖਿੱਚ ਦਾ ਕੇਂਦਰ ਰਿਹਾ। ਇਨ੍ਹਾਂ ’ਚੋਂ ਚੋਣਵੇਂ ਪ੍ਰਾਜੈਕਟਾਂ ਨੂੰ ਸਕਾਲਰਸ਼ਿਪ ਲਈ ਵੀ ਚੁਣਿਆ ਗਿਆ। ਸਮਾਗਮ ਵਿੱਚ ਗਾਇਕ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਤੇਜਵੰਤ ਕਿੱਟੂ, ਜਨਮੇਜਾ ਸਿੰਘ ਜੌਹਲ, ਸ਼ਰਨਜੀਤ ਆਦਿ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। -ਖੇਤਰੀ ਪ੍ਰਤੀਨਿਧ