ਮੁੰਬਈ: ਮਸ਼ਹੂਰ ਹਸਤੀਆਂ ਦੀ ਸ਼ਮੂਲੀਅਤ ਵਾਲੇ ਫੰਡਰੇਜ਼ਰ ‘ਵੀ ਫਾਰ ਇੰਡੀਆ’ ਨੇ ਕਰੋਨਾਕਾਲ ਦੌਰਾਨ ਲੋਕਾਂ ਦੀ ਮਦਦ ਕਰਨ ਲਈ ਪੰਜ ਮਿਲੀਅਨ ਡਾਲਰ ਇਕੱਠੇ ਕੀਤੇ ਹਨ। ਅਜਿਹਾ ਕਾਰਪੋਰੇਟ ਭਾਈਵਾਲਾਂ, ਫਾਊਂਡੇਸ਼ਨਾਂ ਤੇ ਬਾਕੀ ਦਾਨੀਆਂ ਦੇ ਸਹਿਯੋਗ ਨਾਲ ਸੰਭਵ ਹੋ ਸਕਿਆ ਹੈ, ਜੋ ਫੰਡ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਏ। ਆਜ਼ਾਦੀ ਦਿਹਾੜੇ ਸਬੰਧੀ ‘ਗਿਵਇੰਡੀਆ’, ‘ਦਿ ਵਰਲਡ ਵੀ ਵਾਂਟ’ ਅਤੇ ਫੇਸਬੁਕ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ 100 ਤੋਂ ਵੱਧ ਕਲਾਕਾਰਾਂ ਨੇ ਹਿੱਸਾ ਲਿਆ। ਅਦਾਕਾਰ ਰਾਜਕੁਮਾਰ ਰਾਓ ਦੀ ਮੇਜ਼ਬਾਨੀ ਵਾਲੇ ਇਸ ਪ੍ਰੋਗਰਾਮ ਵਿੱਚ ਫਿਲਮਸਾਜ਼ ਸਟੀਵਨ ਸਪੀਲਬਰਗ, ਰਾਜਕੁਮਾਰ ਹਿਰਾਨੀ, ਕਬੀਰ ਖਾਨ, ਕਰਨ ਜੌਹਰ, ਇਮਤਿਆਜ਼ ਅਲੀ ਅਤੇ ਫਰਹਾਨ ਅਖਤਰ ਨੇ ਸ਼ਮੂਲੀਅਤ ਕੀਤੀ। ਅਦਾਕਾਰਾਂ ’ਚੋਂ ਅਜੈ ਦੇਵਗਨ, ਰਿਤਿਕ ਰੌਸ਼ਨ, ਨਾਗਾਰਜੁਨ, ਚਿਰੰਜੀਵੀ, ਆਰ. ਮਾਧਵਨ, ਵਿੱਦਿਆ ਬਾਲਨ, ਸਿਧਾਰਥ ਮਲਹੋਤਰਾ, ਕਾਰਤਿਕ ਆਰਿਅਨ, ਸੋਨਾਕਸ਼ੀ ਸਿਨਹਾ, ਪ੍ਰੋਸੇਨਜੀਤ ਚੈਟਰਜੀ ਤੇ ਅਰਜੁਨ ਕਪੂਰ ਨੇ ਪੇਸ਼ਕਾਰੀ ਦਿੱਤੀ। ਇਸੇ ਤਰ੍ਹਾਂ ਗਾਇਕ ਅਤੇ ਸੰਗੀਤਕਾਰ ਏ.ਆਰ ਰਹਿਮਾਨ, ਐਨੀ ਲੈਨੋਕਸ, ਐਡ ਸ਼ੀਰਨ, ਸਿਸਟਰ ਸਲੈਜ, ਨੈਂਸੀ ਅਜਰਾਮ, ਨੀਲ ਰੌਜਰਜ਼ ਅਤੇ ਸ਼ੰਕਰ ਮਹਾਦੇਵਨ ਨੇ ਸਮਾਂ ਬੰਨ੍ਹ ਕੇ ਰੱਖ ਦਿੱਤਾ। ਟੈਨਿਸ ਖਿਡਾਰੀ ਮਹੇਸ਼ ਭੁਪਤੀ ਤੇ ਸਾਨੀਆ ਮਿਰਜ਼ਾ ਨੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। -ਆਈਏਐੱਨਐੱਸ