ਸ਼ਗਨ ਕਟਾਰੀਆ/ਅਵਤਾਰ ਸਿੰਘ ਧਾਲੀਵਾਲ
ਬਠਿੰਡਾ/ਭਾਈਰੂਪਾ, 22 ਨਵੰਬਰ
ਭਗਤਾ ਭਾਈ ਕਾ ਕਾਂਡ ’ਚ ਜਾਨ ਗਵਾਉਣ ਵਾਲੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਲਾਸ਼ ਨੂੰ ਡੇਰਾ ਸਲਾਬਤਪੁਰਾ ਅੱਗੇ ਰੱਖ ਕੇ ਅੱਜ ਦੂਜੇ ਦਿਨ ਡੇਢ ਹਜ਼ਾਰ ਦੇ ਕਰੀਬ ਡੇਰਾ ਪ੍ਰੇਮੀ ਬਰਨਾਲਾ-ਬਾਜਾਖਾਨਾ ਮਾਰਗ ’ਤੇ ਬੈਠੇ ਰਹੇ। ਭਾਵੇਂ ਪ੍ਰਸ਼ਾਸਨ ਦੀਆਂ ਬੀਤੇ ਦਿਨ ਤੋਂ ਹੀ ਡੇਰਾ ਪ੍ਰੇਮੀਆਂ ਨੂੰ ਸਸਕਾਰ ਲਈ ਰਜ਼ਾਮੰਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਖ਼ਬਰ ਲਿਖੇ ਜਾਣ ਤੱਕ ਗੱਲ ਕਿਸੇ ਸਹਿਮਤੀ ’ਤੇ ਨਾ ਅੱਪੜ ਸਕੀ। ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਅੱਜ ਵਾਰ-ਵਾਰ ਡੇਰਾ ਪ੍ਰੇਮੀਆਂ ਨਾਲ ਮੀਟਿੰਗਾਂ ਕੀਤੀਆਂ ਪਰ ਗੱਲ ਕਿਸੇ ਤਣ ਪੱਤਣ ਨਾ ਲੱਗੀ। ਡੇਰਾ ਪ੍ਰੇਮੀ ਬਜ਼ਿਦ ਹਨ ਕਿ ਜਦੋਂ ਤੱਕ ਕਾਤਲਾਂ ਦੀ ਗ੍ਰਿਫ਼ਤਾਰੀ ਅਤੇ ਵਾਰਦਾਤ ਪਿੱਛੇ ਲੁਕੇ ਤੱਥ ਨਸ਼ਰ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਹ ਇਥੇ ਡਟੇ ਰਹਿਣਗੇ। ਡੇਰੇ ਦੀ 45 ਮੈਂਬਰੀ ਕਮੇਟੀ ਦੇ ਪ੍ਰਤੀਨਿਧ ਹਰਚਰਨ ਸਿੰਘ ਨੇ ਦੱਸਿਆ ਕਿ ਭਾਵੇਂ ਵਾਰਤਾਲਾਪ ਕਿਸੇ ਸਾਰਥਿਕ ਸਿੱਟੇ ’ਤੇ ਨਹੀਂ ਪਹੁੰਚੀ ਪਰ ਗੱਲ ਅੱਗੇ ਜ਼ਰੂਰ ਵਧੀ ਹੈ। ਉਨ੍ਹਾਂ ਉਮੀਦ ਜਤਾਈ ਕਿ ਭਲਕੇ ਹੋਣ ਵਾਲੀ ਗੱਲਬਾਤ ’ਚ ਸਾਰਥਕ ਨਤੀਜੇ ਆ ਸਕਦੇ ਹਨ। ਉਨ੍ਹਾਂ ਆਖਿਆ ਕਿ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ ਜਾ ਰਿਹਾ ਹੈ ਪਰ ਅਜਿਹਾ ਕਰਨਾ ਤਾਂ ਦੂਰ, ਡੇਰਾ ਸ਼ਰਧਾਲੂ ਇਸ ਬਾਰੇ ਸੋਚ ਵੀ ਨਹੀਂ ਸਕਦੇ। ਉੁਨ੍ਹਾਂ ਆਖਿਆ ਕਿ ਸੰਗਤ ਪਰਿਵਾਰ ਨਾਲ ਖੜ੍ਹੀ ਹੈ ਤੇ ਇਨਸਾਫ ਮਿਲਣ ਤੱਕ ਇੱਥੇ ਹੀ ਬੈਠੀ ਰਹੇਗੀ।
ਯੂਥ ਵੀਰਾਂਗਨਾਏ ਦੀ ਕੌਮੀ ਮੈਂਬਰ ਗੁਰਚਰਨ ਕੌਰ ਇੰਸਾਂ ਨੇ ਕਿਹਾ ਕਿ ਇਹ ਇੱਕ ਵਹਿਸ਼ੀਆਨਾ ਕਤਲ ਹੋਇਆ ਹੈ। ਇਸ ਘਟਨਾ ਨਾਲ ਡੇਰਾ ਪ੍ਰੇਮੀਆਂ ਦੇ ਤਾਂ ਹਿਰਦੇ ਵਲੂੰਧਰੇ ਹੀ ਗਏ ਸਗੋਂ ਹੋਰ ਇਨਸਾਫ ਪਸੰਦ ਲੋਕਾਂ ਦੇ ਦਿਲਾਂ ’ਚ ਵੀ ਇਸ ਘਟਨਾ ਕਾਰਨ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਮਨੋਹਰ ਲਾਲ ਦੇ ਕਾਤਲਾਂ ਨੂੰ ਕਾਬੂ ਕਰਕੇ ਪਰਿਵਾਰ ਅਤੇ ਡੇਰਾ ਸੱਚਾ ਸੌਦਾ ਦੀ ਸਮੁੱਚੀ ਸੰਗਤ ਨੂੰ ਇਨਸਾਫ ਦਿੱਤਾ ਜਾਵੇ, ਨਹੀਂ ਤਾਂ ਉਹ ਇਸੇ ਤਰ੍ਹਾਂ ਧਰਨੇ ’ਤੇ ਬੈਠੇ ਰਹਿਣਗੇ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਕਰਕੇ ਜਾਣੇ ਜਾਂਦੇ ਹਨ ਤੇ ਇਸ ਧਰਨੇ ’ਤੇ ਵੀ ਪੂਰੇ ਅਨੁਸ਼ਾਸਨ ਅਤੇ ਅਮਨ-ਅਮਾਨ ਨਾਲ ਬੈਠੇ ਹਨ।
ਐੱਸਐੱਸਪੀ ਵਿਰਕ ਨੇ ਦੱਸਿਆ ਕਿ ਦੋਸ਼ੀਆਂ ਦਾ ਖੁਰਾ ਨੱਪਣ ਲਈ ਪੁਲੀਸ ਵੱਲੋਂ ਸੰਜੀਦਾ ਯਤਨ ਜਾਰੀ ਹਨ। ਪੜਤਾਲ ਨੂੰ ਜਲਦੀ ਹੀ ਕਿਸੇ ਨਤੀਜੇ ’ਤੇ ਪਹੁੰਚਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਖੁਲਾਸਾ ਕੀਤਾ ਕਿ ਡੇਰਾ ਸ਼ਰਧਾਲੂਆਂ ਤੋਂ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਥੋੜਾ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਸਥਿਤੀ ਦੀ ਰਿਪੋਰਟ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਦੇਣਗੇ।
ਜ਼ਿਕਰਯੋਗ ਹੈ ਕਿ 20 ਨਵੰਬਰ ਦੀ ਸ਼ਾਮ ਨੂੰ ਭਗਤਾ ਭਾਈਕਾ ’ਚ ਆਪਣੀ ਦੁਕਾਨ ’ਚ ਬੈਠੇ ਡੇਰਾ ਸ਼ਰਧਾਲੂ ਮਨੋਹਰ ਲਾਲ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਜ਼ਖਮੀ ਹਾਲਤ ’ਚ ਉਸ ਨੂੰ ਆਦੇਸ਼ ਹਸਪਤਾਲ ਭੁੱਚੋ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਸੁੱਖਾ ਗਿੱਲ ਦੀ ਨਵੀਂ ਪੋਸਟ: ‘ਬੇਅਦਬੀ ਦੇ ਕਸੂਰਵਾਰ ਸਾਡੇ ਦੁਸ਼ਮਣ’
ਬਠਿੰਡਾ : ਗੈਂਗਸਟਰ ਸੁੱਖਾ ਗਿੱਲ ਲੰਮੇ ਦੇ ਫੇਸਬੁੱਕ ਖਾਤੇ ’ਤੇ ਸ਼ੁੱਕਰਵਾਰ ਨੂੰ ਭਗਤਾ ਭਾਈ ਕਸਬੇ ’ਚ ਹੋਈ ਵਾਰਦਾਤ ਸਬੰਧੀ ਇਕ ਹੋਰ ਪੋਸਟ ਪਾਈ ਗਈ ਹੈ, ਜਿਸ ਵਿੱਚ ਲਿਖ਼ਿਆ ਗਿਆ ਹੈ ਕਿ ਉਹ ਡੇਰਾ ਪ੍ਰੇਮੀਆਂ ਦੇ ਵਿਰੋਧੀ ਨਹੀਂ ਹਨ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਸੂਰਵਾਰ ਉਨ੍ਹਾਂ ਦੇ ਦੁਸ਼ਮਣ ਹਨ।