ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਜੁਲਾਈ
ਪਿੰਡ ਜੌਹਲਾਂ ਦੇ ਬਜ਼ੁਰਗ ਜੋੜੇ ਹਰਜੀਤ ਸਿੰਘ ਤੇ ਪਰਮਜੀਤ ਕੌਰ ਦਾ ਬਾਈਕਾਟ ਕਰਨ ਦੇ ਫ਼ੁਰਮਾਨ ਨੂੰ ਅੱਜ ਪਿੰਡ ਦੀ ਪੰਚਾਇਤ ਨੇ ਰੱਦ ਕਰ ਦਿੱਤਾ ਹੈ। ਇਸ ਸਬੰਧੀ ਸੂਚਨਾ ਸਰਪੰਚ ਦੀ ਮੋਹਰ ਵਾਲੇ ਲੈਟਰ ਪੈਡ ’ਤੇ ਸਰਪੰਚ ਰਣਜੀਤ ਕੌਰ ਤੇ ਸਾਰੇ ਪੰਚਾਂ ਦੇ ਦਸਤਖ਼ਤਾਂ ਨਾਲ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਨੂੰ ਦੇ ਦਿੱਤੀ ਗਈ ਹੈ। ਅੱਜ ਦਿੱਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਚਾਇਤ ਵੱਲੋਂ ਤੈਸ਼ ਵਿੱਚ ਆ ਕੇ ਹਰਜੀਤ ਸਿੰਘ ਦੇ ਪਰਿਵਾਰ ਦਾ ਬਾਈਕਾਟ ਕਰਨ ਬਾਰੇ ਪਿੰਡ ਦੇ ਗੁਰਦੁਆਰੇ ਤੋਂ ਐਲਾਨ ਕਰਵਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਪੰਚਾਇਤ ਅਤੇ ਪਿੰਡ ਦੇ ਕਿਸਾਨ ਆਗੂਆਂ ਵੱਲੋਂ ਜਾਰੀ ਕੀਤੇ ਇਸ ਫ਼ੁਰਮਾਨ ਬਾਰੇ ਬੀਤੇ ਕੱਲ੍ਹ ‘ਪੰਜਾਬੀ ਟ੍ਰਿਬਿਊਨ’ ਨੇ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਅੱਜ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਆਦੇਸ਼ ਮਗਰੋਂ ਐੱਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਪਿੰਡ ਜੌਹਲਾਂ ਦੀ ਪੰਚਾਇਤ ਨੂੰ ਆਪਣੇ ਦਫ਼ਤਰ ਬੁਲਾ ਕੇ ਬਜ਼ੁਰਗ ਜੋੜੇ ਦਾ ਸਮਾਜਿਕ ਬਾਈਕਾਟ ਫ਼ੌਰੀ ਰੱਦ ਕਰਨ ਦੀ ਸਖ਼ਤ ਹਦਾਇਤ ਕੀਤੀ ਸੀ। ਸੰਪਰਕ ਕਰਨ ’ਤੇ ਸਰਪੰਚ ਰਣਜੀਤ ਕੌਰ ਦੇ ਪਤੀ ਕੇਵਲ ਸਿੰਘ ਨੇ ਦੱਸਿਆ ਕਿ ਕਾਨੂੰਨ ਦੀ ਅਗਿਆਨਤਾ ਕਾਰਨ ਗ਼ਲਤੀ ਹੋਈ ਸੀ, ਜਿਸ ਦਾ ਹੁਣ ਸੁਧਾਰ ਕਰ ਲਿਆ ਗਿਆ ਹੈ। ਕੇਵਲ ਸਿੰਘ ਨੇ ਕਿਹਾ ਕਿ ਉਹ ਖ਼ੁਦ ਜਾ ਕੇ ਦੁਕਾਨ ਤੋਂ ਬਜ਼ੁਰਗ ਜੋੜੇ ਨੂੰ ਸਾਮਾਨ ਵੀ ਦਿਵਾ ਕੇ ਲਿਆਏ ਹਨ ਤੇ ਹੋਰ ਸਹੂਲਤਾਂ ਵੀ ਹੁਣ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਪਿਛਲੇ ਦਸ ਦਿਨਾਂ ਤੋਂ ਬਜ਼ੁਰਗ ਜੋੜਾ ਆਪਣੇ ਘਰ ਵਿਚ ਕੈਦ ਸੀ ਤੇ ਛੇ ਦਿਨ ਤੋਂ ਉਹ ਰਾਸ਼ਨ-ਪਾਣੀ ਤੋਂ ਵੀ ਔਖੇ ਸਨ। ਅੱਜ ਭਾਕਿਯੂ ਏਕਤਾ (ਡਕੌਂਦਾ) ਦੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਐੱਸਡੀਐੱਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਪੰਚਾਇਤ ਜਾਂ ਕਿਸਾਨ ਆਗੂਆਂ ਖ਼ਿਲਾਫ਼ ਕੋਈ ਕੇਸ ਦਰਜ ਕਰਨ ਵਿਰੁੱਧ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਇਸ ਸਬੰਧੀ ਯੂਨੀਅਨ ਆਗੂਆਂ ਨੇ ਐੱਸਡੀਐੱਮ ਨਾਲ ਬੰਦ ਕਮਰਾ ਮੀਟਿੰਗ ਕੀਤੀ ਵੀ ਕੀਤੀ ਸੀ।
ਗਲਤੀ ਦੁਹਰਾਈ ਤਾਂ ਹੋਵੇਗੀ ਕਾਰਵਾਈ: ਡੀਡੀਪੀਓ
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਰਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਭਾਵੇਂ ਪੀੜਤ ਜੋੜੇ ਖ਼ਿਲਾਫ਼ ਗ਼ੈਰਕਾਨੂੰਨੀ ਫ਼ੈਸਲੇ ਨੂੰ ਪੰਚਾਇਤ ਨੇ ਰੱਦ ਕਰ ਦਿੱਤਾ ਹੈ, ਪਰ ਸਰਪੰਚ ਰਣਜੀਤ ਕੌਰ ਨੂੰ ਲਿਖਤੀ ਰੂਪ ਵਿੱਚ ਗਲਤੀ ਸਵੀਕਾਰ ਕਰਦਿਆਂ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਸੀ, ਜਿਸ ਮਗਰੋਂ ਪੰਚਾਇਤ ਦਾ ਲਿਖਤੀ ਬਿਆਨ ਦਸਤਖ਼ਤਾਂ ਸਹਿਤ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਅਜਿਹੀ ਗਲਤੀ ਦੁਹਰਾਏ ਜਾਣ ਖ਼ਿਲਾਫ਼ ਸਖ਼ਤ ਚਿਤਾਵਨੀ ਵੀ ਦਿੱਤੀ ਹੈ।