ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕੁਸਮ ਅੱਗਰਵਾਲ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਗਰਾਮ ਪੰਚਾਇਤ ਬੱਲਮਗੜ੍ਹ ਵਿਖੇ ਮਗਨਰੇਗਾ ਸਕੀਮ ਅਧੀਨ ਲੇਬਰ ਦੀਆਂ ਗਲਤ ਅਤੇ ਮ੍ਰਿਤਕ ਵਿਅਕਤੀਆਂ ਦੀਆਂ ਹਾਜ਼ਰੀਆਂ ਲਗਾ ਕੇ ਆਪਣੇ ਖਾਤੇ ਵਿੱਚ ਰਾਸ਼ੀ ਪਵਾਉਣ ਦੇ ਜੁਰਮ ’ਚ ਗੁਰਮੀਤ ਕੌਰ ਸਰਪੰਚ, ਰਾਜਿੰਦਰ ਸਿੰਘ ਮੇਟ ਅਤੇ ਚਰਨਜੀਤ ਸਿੰਘ ਗਰਾਮ ਰੁਜ਼ਗਾਰ ਸੇਵਕ ਖਿਲਾਫ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਹੈ। ਉਕਤ ਸਰਪੰਚ, ਮੇਟ ਅਤੇ ਗ੍ਰਾਮ ਸੇਵਕ ਨੇ ਆਪਸੀ ਸਾਜਬਾਜ ਹੋ ਕੇ ਮਗਨਰੇਗਾ ਲੇਬਰ ਦੇ 1,16,206 ਰੁਪਏ ਦਾ ਗਬਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਤਜਵੀਜ਼ ਅਨੁਸਾਰ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਗੁਰਮੀਤ ਕੌਰ ਸਰਪੰਚ, ਗਰਾਮ ਪੰਚਾਇਤ ਬੱਲਮਗੜ੍ਹ ਨੂੰ ਤੁਰੰਤ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਚਰਨਜੀਤ ਸਿੰਘ ਗਰਾਮ ਰੁਜ਼ਗਾਰ ਸੇਵਕ ਨੂੰ ਨੌਕਰੀ ਤੋਂ ਟਰਮੀਨੇਟ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਲਿਖ ਦਿੱਤਾ ਗਿਆ ਹੈ। ਰਾਜਿੰਦਰ ਸਿੰਘ ਮੇਟ ਨੂੰ ਵੀ ਤੁਰੰਤ ਮੇਟ ਦੇ ਕੰਮ ਤੋਂ ਹਟਾ ਦਿੱਤਾ ਹੈ ਅਤੇ ਸਬੰਧਿਤ ਮੁਲਜ਼ਮਾਂ ਪਾਸੋਂ ਗਬਨ ਕੀਤੀ ਗਈ ਰਾਸ਼ੀ ਦੀ ਰਕਮ ਰਿਕਵਰ ਕੀਤੀ ਜਾ ਰਹੀ ਹੈੈ।