ਪ੍ਰਦੂਸ਼ਣ ਮੁਕਤੀ
10 ਜੂਨ ਦੇ ਪੰਨਾ 4 ਉੱਤੇ ਛਪੀ ਖਬਰ ਦੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਭੱਠਿਆਂ ’ਤੇ ਜਿ਼ਗ-ਜ਼ੈਗ ਤਕਨੀਕ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨਾ ਚੰਗੀ ਗੱਲ ਹੈ ਪਰ ਅਪਰੈਲ, ਮਈ ਦੌਰਾਨ ਜਦੋਂ ਖੇਤਾਂ ’ਚ ਕਣਕ ਦੀ ਨਾੜ ਨੂੰ ਅੱਗ ਲਾਉਣ ਨਾਲ ਅਣਗਿਣਤ ਦਰੱਖਤ ਸੜ ਗਏ, ਧੂੰਏ ਕਾਰਨ ਸੜਕ ਹਾਦਸਿਆਂ ’ਚ ਕੀਮਤੀ ਜਾਨਾਂ ਚਲੀਆਂ ਗਈਆਂ ਤਾਂ ਉਸ ਵੇਲੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਰਕਾਰ ਨੇ ਕੋਈ ਸਖਤੀ ਕਿਉਂ ਨਹੀਂ ਦਿਖਾਈ। ਪ੍ਰਦੂਸ਼ਣ ਰੋਕਣ ਲਈ ਸਨਅਤਾਂ ਵਾਂਗ ਖੇਤਾਂ ਵਿਚ ਵੀ ਨਿਯਮ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ।
ਸੋਹਣ ਲਾਲ ਗੁਪਤਾ, ਪਟਿਆਲਾ
ਉਹ ਸਮਾਂ…
10 ਜੂਨ ਨੂੰ ਹਰੀਤ ਦਾ ਮਿਡਲ ‘ਉਹ ਡੇਢ ਸਾਲ’ ਚੰਗਾ ਲੱਗਾ। ਅਕਸਰ ਹੀ ਦਸਵੀਂ ਜਾਂ ਬਾਰਵੀਂ ਤੋਂ ਬਾਅਦ ਬੱਚੇ ਦੁਚਿੱਤੀ ਵਿਚ ਪੈ ਜਾਂਦੇ ਹਨ ਕਿ ਕਿਹੜੇ ਪਾਸੇ ਜਾਣ। ਇਹ ਉਸ ਸਮਾਂ ਹੁੰਦਾ ਹੈ ਜਿਸ ’ਤੇ ਉਨ੍ਹਾਂ ਦਾ ਭਵਿੱਖ ਨਿਰਭਰ ਹੁੰਦਾ ਹੈ। ਜੇ ਘਰ ਵਿਚ ਮਾਂ ਜਾਂ ਜ਼ਿੰਮੇਵਾਰ ਜੀਅ ਹੀ ਠੀਕ ਨਾ ਹੋਵੇ ਤਾਂ ਦੁਚਿੱਤੀ ਹੋਰ ਵਧ ਜਾਂਦੀ ਹੈ। ਇਸ ਸਮੇਂ ਮਿਲੀ ਸਹੀ ਸੇਧ ਅਤੇ ਦ੍ਰਿੜ ਇਰਾਦਾ ਤੁਹਾਡੀ ਜ਼ਿੰਦਗੀ ਵਿਚ ਵਡਮੁੱਲਾ ਯਗਦਾਨ ਪਾ ਸਕਦੇ ਹਨ।
ਰਾਜ ਕੌਰ ਕਮਾਲਪੁਰ, ਪਟਿਆਲਾ
(2)
ਹਰੀਤ ਦਾ ਮਿਡਲ ‘ਉਹ ਡੇਢ ਸਾਲ’ (10 ਜੂਨ) ਭਾਵੁਕ ਵੀ ਕਰਦਾ ਹੈ ਅਤੇ ਪ੍ਰੇਰਦਾ ਵੀ ਹੈ। ਅਜਿਹੀਆਂ ਲਿਖਤਾਂ ਚਿਰਾਂ ਤੱਕ ਚੇਤੇ ਵਿਚ ਵਸੀਆਂ ਰਹਿੰਦੀਆਂ ਹਨ। ਲੇਖਕ ਨੇ ਜਵਾਨ ਹੋ ਰਹੇ ਬੱਚਿਆਂ ਦੀ ਦੁਚਿੱਤੀ ਖੂਬ ਬਿਆਨ ਕੀਤੀ ਹੈ।
ਬਲਬੀਰ ਕੌਰ, ਕਪੂਰਥਲਾ
ਰਿਸ਼ਵਤਖੋਰੀ
8 ਜੂਨ ਦੇ ਸੰਪਾਦਕੀ ‘ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ’ ਵਿਚ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਚੁੱਕੇ ਗਏ ਕਦਮਾਂ ਦੀ ਘੋਖਵੀਂ ਪੜਚੋਲ ਹੈ। ਪਹਿਲਾਂ ਆਪਣੇ ਹੀ ਮੰਤਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ ਬਰਖਾਸਤ ਕਰਨਾ ਤੇ ਉਸ ਵਿਰੁੱਧ ਰਿਪੋਰਟ ਕਰਕੇ ਪੁਲੀਸ ਦੇ ਹਵਾਲੇ ਕਰਨਾ ਕੋਈ ਛੋਟੀ ਗੱਲ ਨਹੀਂ। ਬਾਰਸੂਖ ਲੋਕਾਂ ਵੱਲੋਂ ਦਬੀਆਂ ਹਜ਼ਾਰਾਂ ਏਕੜ ਪੰਚਾਇਤੀ ਜ਼ਮੀਨਾਂ ਮੁੜ ਕੇ ਪੰਚਾਇਤਾਂ ਦੇ ਹਵਾਲੇ ਕਰਨਾ ਵੀ ਸਪਸ਼ਟ ਕਰਦਾ ਹੈ ਕਿ ਸਰਕਾਰ ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਤੋਂ ਘਪਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਪਿਛਲੀ ਸਰਕਾਰ ਦੇ ਕਾਰਨਾਮਿਆਂ ਦੀ ਘੋਖ ਵੀ ਜਾਰੀ ਹੈ।
ਅਮਰਜੀਤ ਸਿੰਘ ਜੰਜੂਆ, ਈਮੇਲ
ਮਜ਼ਦੂਰਾਂ ਦਾ ਮਿਹਨਤਾਨਾ
7 ਜੂਨ ਨੂੰ ਤਰਲੋਚਨ ਮੁਠੱਡਾ ਦਾ ਲੇਖ ‘ਘੱਟੋ-ਘੱਟ ਸਮਰਥਨ ਮੁੱਲ ਬਨਾਮ ਘੱਟੋ-ਘੱਟ ਮਿਹਨਤਾਨਾ’ ਅਮੀਰ ਅਤੇ ਗਰੀਬ ਵਰਗ ਦੀ ਆਰਥਿਕਤਾ ਬਿਆਨ ਕਰਦਾ ਹੈ। ਦੂਜੇ ਬੰਨ੍ਹੇ ਸਰਕਾਰ ਜਿਵੇਂ-ਕਿਵੇਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਦੇਣ ਨੂੰ ਤਾਂ ਤਿਆਰ ਹੈ ਪਰ ਮਜ਼ਦੂਰਾਂ ਨੂੰ ਘੱਟੋ-ਘੱਟ ਮਿਹਨਤਾਨਾ ਦੇਣ ਨੂੰ ਤਿਆਰ ਨਹੀਂ। ਲੇਖਕ ਨੇ ਕਿਸਾਨ ਜਥੇਬੰਦੀਆਂ ਨੂੰ ਮਜਦੂਰਾਂ ਦੇ ਮਿਹਨਤਾਨੇ ਲਈ ਲੜਨ ਲਈ ਵੀ ਪ੍ਰੇਰਿਆ ਹੈ।
ਮਨਮੋਹਨ ਸਿੰਘ, ਨਾਭਾ
(2)
‘ਘੱਟੋ-ਘੱਟ ਸਮਰਥਨ ਮੁੱਲ ਬਨਾਮ ਘੱਟੋ-ਘੱਟ ਮਿਹਨਤਾਨਾ’ ਪੜ੍ਹਿਆ ਜਿਸ ਵਿਚ ਉਨ੍ਹਾਂ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਦੇ ਸਬੰਧ ਵਿਚ ਡੂੰਘੇ ਸਵਾਲ ਛੱਡਦੀਆਂ ਗੱਲਾਂ ਕੀਤੀਆਂ ਹਨ। ਅਸੀਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਤਾਂ ਲਗਾਉਂਦੇ ਹਾਂ ਪਰ ਇਸ ’ਤੇ ਕੁਝ ਜਥੇਬੰਦੀਆਂ ਹੀ ਅਮਲ ਕਰਦੀਆਂ ਹਨ।
ਪਾਵੇਲ ਸਿਹੌੜਾ, ਪਿੰਡ ਤੇ ਡਾਕਖਾਨਾ ਸਿਹੌੜਾ, (ਲੁਧਿਆਣਾ)
(3)
‘ਘੱਟੋ-ਘੱਟ ਸਮਰਥਨ ਮੁੱਲ ਬਨਾਮ ਘੱਟੋ-ਘੱਟ ਮਿਹਨਤਾਨਾ’ ਲੇਖ ਵਿਚ ਤਰਲੋਚਨ ਮੁਠੱਡਾ ਨੇ ਵਧੀਆ ਢੰਗ ਨਾਲ ਦਰਸਾਇਆ ਹੈ ਕਿ ਮਜ਼ਦੂਰਾਂ ਨੂੰ ਘੱਟੋ-ਘੱਟ ਮਿਹਨਤਾਨਾ ਜ਼ਰੂਰ ਮਿਲਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਆਰਥਿਕ ਹਾਲਤ ਠੀਕ ਹੋ ਸਕੇ। ਅੱਜ ਸਭ ਤੋਂ ਵੱਧ ਸ਼ੋਸ਼ਣ ਮਜ਼ਦੂਰਾਂ ਦਾ ਹੀ ਹੋ ਰਿਹਾ ਹੈ।
ਸਪਿੰਦਰ ਸਿੰਘ, ਈਮੇਲ
ਸੰਤਾਲੀ ਵਾਲੇ ਤੱਥ
6 ਜੂਨ ਦੇ ਨਜ਼ਰੀਆ ਪੰਨੇ ਉੱਤੇ ਗੁਰਨਾਮ ਸਿੰਘ ਅਕੀਦਾ ਲੇਖ ‘ਸੁਲਤਾਨਾ ਬੇਗਮ ਅਤੇ ਉਸ ਦੀ ਸ਼ਾਇਰੀ’ ਪੜ੍ਹਿਆ। ਲਿਖਤ ਵਿਚ ਸੰਨ ਸੰਤਾਲੀ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਤੱਥ ਦਰਸਾਏ ਹਨ। ਸੁਲਤਾਨਾ ਬੇਗਮ ਅੱਜ ਦੇ ਸਮਾਜ ਈ ਵਡਮੁੱਲਾ ਸੁਨੇਹਾ ਛੱਡ ਕੇ ਗਏ ਹਨ।
ਅਮਰਜੀਤ ਸਿੰਘ ਫੌਜੀ, ਪਿੰਡ ਦੀਨਾ ਸਾਹਿਬ (ਮੋਗਾ)
ਜਾਗਰੂਕ ਜਨਤਾ
4 ਜੂਨ ਦੇ ਮਿਡਲ ‘ਪੜ੍ਹਿਆ-ਲਿਖਿਆ ਜੱਜ’ ਵਿਚ ਕੁਲਵਿੰਦਰ ਸਿੰਘ ਮਲੋਟ ਨੇ ਮੁਲਕ ਦੀ ਨਿਆਂ ਪ੍ਰਣਾਲੀ ’ਤੇ ਚਾਨਣਾ ਪਾਇਆ ਹੈ। ਦਰਅਸਲ ਇਕੱਲੇ ਜੱਜਾਂ ਦਾ ਹੀ ਪੜ੍ਹਿਆ ਹੋਣਾ ਜ਼ਰੂਰੀ ਨਹੀਂ ਸਗੋਂ ਸਾਰੀ ਜਨਤਾ ਦਾ ਜਾਗਰੂਕ ਹੋਣਾ ਵੀ ਜ਼ਰੂਰੀ ਹੈ। ਕਈ ਲੋਕ ਤਾਂ ਫੈਸਲੇ ਉਡੀਕਦੇ ਉਡੀਕਦੇ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਹਨ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
ਪਿਛਲਝਾਤ
3 ਮਈ ਦੇ ਨਜ਼ਰੀਆ ਪੰਨੇ ਉੱਪਰ ਜਗਵਿੰਦਰ ਜੋਧਾ ਦਾ ਮਿਡਲ ‘ਬਲਦ ਨਗੌਰੀ ਗਲ ਵਿਚ ਟੱਲੀਆਂ…’ ਪੜ੍ਹਿਆ। ਆਪਣੇ ਆਪ ਨੂੰ 35-40 ਸਾਲ ਪਿੱਛੇ ਵਿਚਰਦਿਆਂ ਮਹਿਸੂਸ ਕੀਤਾ ਜਦੋਂ ਨਗੌਰੀ ਵਹਿੜਕਿਆਂ ਦੀਆਂ ਗੱਲਾਂ ਅਕਸਰ ਘਰਾਂ ਵਿਚ ਹੁੰਦੀਆਂ ਸਨ। ਉਸ ਸਮੇਂ ਖੇਤੀ ਜ਼ਿਆਦਾਤਰ ਊਠਾਂ ਜਾਂ ਬਲਦਾਂ ’ਤੇ ਨਿਰਭਰ ਹੁੰਦੀ ਸੀ ਪਰ ਸਮੇਂ ਨਾਲ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਅਤੇ ਬਲਦਾਂ ਊਠਾਂ ਦੀ ਵਰਤੋਂ ਲਗਪਗ ਖਤਮ ਹੋ ਗਈ।
ਜਸਦੀਪ ਸਿੰਘ ਢਿੱਲੋਂ, ਫਰੀਦਕੋਟ
ਕੱਟੜਤਾ
7 ਜੂਨ ਦੇ ਨਜਰੀਆਂ ਪੰਨੇ ’ਤੇ ਰਾਮ ਚੰਦਰ ਗੁਹਾ ਦਾ ਲੇਖ ‘ਕੱਟੜਪੰਥੀ ਸਿਆਸਤ ਦੇ ਪਸਾਰ’ ਪੜ੍ਹਿਆ। ਲੇਖ ਗੁੰਝਲਦਾਰ ਚਾਲ ਨੂੰ ਸੌਖੇ ਲਫਜ਼ਾਂ ਵਿਚ ਪੇਸ਼ ਕਰਦਾ ਹੈ। ਯੂਨੀਵਰਸਿਟੀ ਦੇ ਅਧਿਆਪਕ ਨੇ ਸਹੀ ਪ੍ਰਸ਼ਨ ਪੁੱਛਿਆ ਸੀ ਜਿਸ ਦਾ ਜਵਾਬ ‘ਸਿਆਣਾ ਵਿਦਿਆਰਥੀ’ ਹੀ ਦੇ ਸਕਦਾ ਸੀ। ਆਕਾ ਦਾ ਗੁਰੂ ਇਟਲੀ ਦਾ ਫਾਸ਼ੀਵਾਦੀ ਜਾਂ ਜਰਮਨੀ ਦਾ ਨਾਜ਼ੀਵਾਦ ਹੋਵੇ, ਅੰਧ-ਭਗਤਾਂ ਨੇ ਇਸ ਤੋਂ ਕੀ ਲੈਣਾ ਹੈ? ਉਸ ਦਾ ਕੰਮ ਹੋ ਰਿਹਾ ਹੈ। ਸਹੀ ਲਿਖਿਆ ਹੈ ਕਿ ਸਿਆਸੀ ਆਕਾ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪ੍ਰੇਰਨਾ ਸਰੋਤ ਦੇ ਵਿਦੇਸ਼ੀ ਹੋਣ ਦਾ ਸੱਚ ਦੇਸ਼ ਦੇ ਆਮ ਨਾਗਰਿਕ ਦੇ ਸਾਹਮਣੇ ਆਵੇ।
ਜਗਰੂਪ ਸਿੰਘ, ਲੁਧਿਆਣਾ