ਪਾਲ ਸਿੰਘ ਨੌਲੀ
ਜਲੰਧਰ, 5 ਜੂਨ
ਕਰੋਨਾ ਨਿਯਮਾਂ ਨੂੰ ਟਿੱਚ ਜਾਣਦਿਆਂ 52 ਸਵਾਰੀਆਂ ਦੀ ਜਗ੍ਹਾ 125 ਸਵਾਰੀਆਂ ਬਿਠਾਉਣ ਵਾਲੇ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਸਵਾਰੀਆਂ ਨੂੰ ਬੱਸ ਵਿੱਚੋਂ ਉਤਾਰ ਕੇ ਉਨ੍ਹਾਂ ਦਾ ਕਰੋਨਾ ਟੈਸਟ ਕੀਤਾ ਗਿਆ। ਜਲੰਧਰ ਛਾਉਣੀ ਥਾਣੇ ਵਿਚ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਤੇ ਮਹਾਮਾਰੀ ਐਕਟ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਐੱਸਐੱਚਓ ਅਜਾਇਬ ਸਿੰਘ ਨੇ ਦੱਸਿਆ ਕਿ ਰਾਮਾਮੰਡੀ ਫਲਾਈਓਵਰ ਹੇਠਾਂ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਲੁਧਿਆਣੇ ਵੱਲ ਨੂੰ ਜਾ ਰਹੀ ਬੱਸ ਦੀ ਛੱਤ ’ਤੇ ਸਵਾਰੀਆਂ ਬੈਠੀਆਂ ਸਨ। ਪੁਲੀਸ ਨੇ ਤੁਰੰਤ ਬੱਸ ਨੂੰ ਰੋਕ ਕੇ ਜਦੋਂ ਸਵਾਰੀਆਂ ਦੀ ਗਿਣਤੀ ਕੀਤੀ ਤਾਂ ਇਸ ਗੱਲ ਦੀ ਹੈਰਾਨੀ ਹੋਈ ਕਿ 52 ਸੀਟਾਂ ਵਾਲੀ ਬੱਸ ਵਿਚ 125 ਦੇ ਕਰੀਬ ਸਵਾਰੀਆਂ ਚੜ੍ਹਾਈਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਬਹੁਤੀਆਂ ਸਵਾਰੀਆਂ ਬੱਸ ਦੀ ਛੱਤ ’ਤੇ ਬੈਠੀਆਂ ਸਨ। ਡਰਾਈਵਰ ਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਅਤੇ ਬੱਸ ਦੀ ਸਪੁਰਦਗੀ ਅਦਾਲਤ ਦੇ ਹੁਕਮਾਂ ’ਤੇ ਹੀ ਕੀਤੀ ਜਾਵੇਗੀ।
ਉਧਰ, ਬੱਸ ਵਿਚ ਸਵਾਰ ਹੋਏ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਕਿਰਾਇਆ ਵੀ ਗਿਆ ਤੇ ਉਨ੍ਹਾਂ ਨੂੰ ਕਰੋਨਾ ਟੈਸਟ ਵੀ ਕਰਾਉਣਾ ਪੈ ਗਿਆ। ਬਿਹਾਰ ਜਾਣ ਵਾਲੇ ਰਮੇਸ਼ ਅਤੇ ਰਕੇਸ਼ ਨੇ ਦੱਸਿਆ ਕਿ ਇੱਥੇ ਹੁਣ ਉਨ੍ਹਾਂ ਨੂੰ ਕੰਮ ਨਹੀਂ ਸੀ ਮਿਲ ਰਿਹਾ ਤੇ ਉਹ ਵਾਪਸ ਆਪਣੇ ਘਰ ਜਾ ਰਹੇ ਸਨ। ਹੁਣ ਕਈ ਮਜ਼ਦੂਰ ਦੂਜੇ ਹੋਰ ਸ਼ਹਿਰਾਂ ਵਿਚ ਖੇਤਾਂ ਦਾ ਕੰਮ ਕਰਨ ਲਈ ਜਾ ਰਹੇ ਸਨ ਪਰ ਬੱਸ ਦੇ ਫੜੇ ਜਾਣ ਨਾਲ ਉਨ੍ਹਾਂ ਦਾ ਕਿਰਾਇਆ ਵੀ ਬੇਕਾਰ ਗਿਆ।