ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਨਵੰਬਰ
ਕੌਮੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਦਾ ਕਹਿਰ ਗੰਭੀਰ ਹੋ ਚੁੱਕਾ ਹੈ। ਮਾਹਿਰਾਂ ਮੁਤਾਬਕ ਦਿੱਲੀ ਤੋਂ ਬਾਹਰਲੇ ਮਰੀਜ਼ਾਂ ਇਲਾਜ ਲਈ ਆਉਣ ਤੇ ਪ੍ਰਦੂਸ਼ਣ ਕਾਰਨ ਮੌਤ ਦਰ ਵਧੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੱਦੇ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਕਾਰਪੋਰੇਟਰਾਂ ਨੇ ਅੱਜ ਦਿੱਲੀ ‘ਚ ਆਪਣੇ-ਆਪਣੇ ਹਲਕਿਆਂ ਤੇ ਵਾਰਡਾਂ ਵਿੱਚ ਮੁਫਤ ਮਾਸਕ ਵੰਡ ਤੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸੇ ਦੌਰਾਨ ਰਾਜਿੰਦਰ ਨਗਰ ਤੋਂ ਵਿਧਾਇਕ ਰਾਘਵ ਚੱਢਾ ਵੱਲੋਂ ਮੋਬਾਈਲ ਟੈਸਟਿੰਗ ਵੈਨ ਪੁਰਾਣੇ ਰਾਜਿੰਦਰ ਪਲੈਸ ਵਿੱਚ ਗੋਲ ਚੱਕਰ ਬਾੜਾ ਬਾਜ਼ਾਰ ਮਾਰਗ ਵਿੱਚ ਸ਼ੁਰੂ ਕੀਤੀ ਗਈ। ਇਕੱਲੇ ਨਵੰਬਰ ਦੇ ਮਹੀਨੇ ’ਚ ਰਾਸ਼ਟਰੀ ਰਾਜਧਾਨੀ ’ਚ 21 ਨਵੰਬਰ ਤੱਕ 1759 ਮੌਤਾਂ ਦਰਜ ਕੀਤੀਆਂ ਗਈਆਂ, ਜਾਣੀ ਹਰ ਰੋਜ਼ ਲਗਪਗ 83 ਮੌਤਾਂ ਔਸਤਨ ਹੋਈਆਂ ਹਨ। ਪਿਛਲੇ 10 ਦਿਨਾਂ ਵਿਚ ਮੌਤਾਂ ਦੀ ਗਿਣਤੀ ਚਾਰ ਵਾਰ 100 ਅੰਕ ਨੂੰ ਵੀ ਪਾਰ ਕੀਤਾ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਦਿੱਲੀ ‘ਚ ਔਸਤਨ ਮੌਤ ਦਰ 1.58 ਫੀਸਦ ਹੈ ਜੋ ਕੌਮੀ ਮੌਤ ਦਰ 1.48 ਫ਼ੀਸਦ ਤੋਂ ਵੱਧ ਹੈ। 3.2 ਫੀਸਦ ‘ਤੇ ਪੰਜਾਬ ਦੀ ਮੌਤ ਦਰ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਸਭ ਤੋਂ ਵੱਧ ਹੈ। ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਬੀਐੱਲ ਸ਼ੇਰਵਾਲ ਨੇ ਕਿਹਾ ਕਿ ਕੁਲ ਮਿਲਾ ਕੇ ਸਰਦੀਆਂ ਦੌਰਾਨ ਵਧੇਰੇ ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਕਾਰਨ ਮਰਨ ਵਾਲੇ 70 ਫ਼ੀਸਦੀ ਬਜ਼ੁਰਗ ਸਨ। ਸ਼ੇਰਵਾਲ ਨੇ ਕਿਹਾ ਕਿ ਉੱਚ ਪ੍ਰਦੂਸ਼ਣ ਦਾ ਪੱਧਰ ਤੇ ਆਬਾਦੀ ਦੀ ਘਣਤਾ ਵੀ ਦਿੱਲੀ ‘ਚ ਵੱਡੀ ਗਿਣਤੀ ‘ਚ ਕਰੋਨਾਵਾਇਰਸ ਦੇ ਕੇਸਾਂ ਤੇ ਮੌਤਾਂ ਦੇ ਵੱਡੇ ਕਾਰਨਾਂ ਵਿੱਚੋਂ ਇੱਕ ਹੈ।
ਉੱਤਰ ਪ੍ਰਦੇਸ਼ ਵੱਲੋਂ ਦਿੱਲੀ ਤੋਂ ਜਾਣ ਵਾਲਿਆਂ ਦੀ ਕਰੋਨਾ ਜਾਂਚ ਦਾ ਫ਼ੈਸਲਾ
ਨਵੀਂ ਦਿੱਲੀ (ਪੱਤਰ ਪ੍ਰੇਰਕ):ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਦਿੱਲੀ ਤੋਂ ਹਵਾਈ ਉਡਾਣਾਂ, ਬੱਸਾਂ ਜਾਂ ਰੇਲ ਗੱਡੀਆਂ ਰਾਹੀਂ ਦਿੱਲੀ ਤੋਂ ਜਾਣ ਵਾਲੇ ਲੋਕਾਂ ਦੀ ਕਰੋਨਾ ਜਾਂਚ ਕੀਤੀ ਜਾਵੇਗੀ। ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਵਿਆਹ ਸਮਾਗਮਾਂ ਵਿੱਚ ਲੋਕਾਂ ਦੀ ਗਿਣਤੀ ਤੈਅ ਕਰਨ ਲਈ ਵਿਚਾਰ-ਵਟਾਂਦਰਾ ਜਾਰੀ ਹੈ। ਉੱਤਰ ਪ੍ਰਦੇਸ਼ ਦੇ ਸਨਅਤੀ ਤੇ ਕਾਰੋਬਾਰੀ ਅਹਿਮ ਸ਼ਹਿਰ ਨੋਇਡਾ ਦੇ ਪ੍ਰਸ਼ਾਸਨ ਵੱਲੋਂ ਸਭ ਤੋਂ ਪਹਿਲਾਂ ਦਿੱਲੀ ਤੋਂ ਇਸ ਇਲਾਕੇ ਵਿੱਚ ਦਾਖ਼ਲ ਹੋਣ ਵਾਲਿਆਂ ਦੀ ਕਰੋਨਾ ਜਾਂਚ ਸ਼ੁਰੂ ਕੀਤੀ ਗਈ ਜਿਸ ਮਗਰੋਂ ਹਰਿਆਣਾ ਦੇ ਫਰੀਦਾਬਾਦ ਤੇ ਗੁਰੂਗ੍ਰਾਮ ਵਿਖੇ ਵੀ ਸ਼ੁਰੂਆਤ ਹੋਈ।