ਨਿਜੀ ਪੱਤਰ ਪ੍ਰੇਰਕ
ਸੰਗਰੂਰ, 29 ਦਸੰਬਰ
ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਅੱਜ ਡੀਸੀ ਕੰਪਲੈਕਸ ਤੇ ਡੀਸੀ ਕੋਠੀ ਦਾ ਮੁਕੰਮਲ ਘਿਰਾਓ ਕਰਕੇ ਰੋਸ ਧਰਨੇ ’ਤੇ ਡਟ ਗਏ ਹਨ। ਕਿਸਾਨਾਂ ਵੱਲੋਂ ਡੀਸੀ ਕੰਪਲੈਕਸ ਦੇ ਤਿੰਨੋਂ ਗੇਟਾਂ ਦਾ ਘਿਰਾਓ ਕਰ ਲਿਆ ਤੇ ਸ਼ਾਮ ਪੰਜ ਵਜੇ ਤੱਕ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ। ਬਾਅਦ ਦੁਪਹਿਰ ਰੋਹ ’ਚ ਆਏ ਕਿਸਾਨਾਂ ਨੇ ਡੀਸੀ ਦੀ ਸਰਕਾਰੀ ਰਿਹਾਇਸ਼ ਦਾ ਵੀ ਘਿਰਾਓ ਕਰ ਲਿਆ ਤੇ ਸੈਂਕੜੇ ਕਿਸਾਨ ਡੀਸੀ ਦੀ ਕੋਠੀ ਅੱਗੇ ਪੱਕਾ ਧਰਨਾ ਦੇ ਕੇ ਬੈਠ ਗਏ ਜਿਸ ਕਾਰਨ ਦਿੱਲੀ-ਲੁਧਿਆਣਾ ਹਾਈਵੇਅ ’ਤੇ ਇੱਕ ਪਾਸੇ ਸੜਕ ਦੀ ਆਵਾਜਾਈ ਵੀ ਠੱਪ ਹੋ ਗਈ। ਉਧਰ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਤੇ ਜਨਰਲ ਸਕੱਤਰ ਦਰਬਾਰਾ ਸਿਘ ਛਾਜਲਾ ਦੀ ਅਗਵਾਈ ਹੇਠ ਪੱਕੇ ਰੋਸ ਧਰਨੇ ਦੇ 10ਵੇਂ ਦਿਨ ਵੀ ਹਜ਼ਾਰਾਂ ਕਿਸਾਨਾਂ ਨੇ ਸ਼ਮੂਲੀਅਤ ਕਰਕੇ ਕੇਂਦਰ ਅਤੇ ਰਾਜ ਸਰਕਾਰ ਨੂੰ ਜੰਮ ਕੇ ਭੰਡਿਆ। ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਤੇ ਜਨਕ ਸਿੰਘ ਭੂਟਾਲ ਨੇ ਦੱਸਿਆ ਕਿ ਡੀਸੀ ਦੇ ਤਿੰਨੋਂ ਗੇਟਾਂ ਦਾ ਘਿਰਾਓ ਸ਼ਾਮ ਤੱਕ ਜਾਰੀ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਵਾਅਦਾਖ਼ਿਲਾਫ਼ੀਆਂ ਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਸਰਕਾਰ ਭੱਜ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ 5 ਜਨਵਰੀ ਨੂੰ ਪੰਜਾਬ ਫੇਰੀ ’ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। 3 ਤੇ 4 ਜਨਵਰੀ ਨੂੰ ਪਿੰਡਾਂ ’ਚ ਮੋਦੀ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਜਾਣਗੇ ਤੇ 5 ਜਨਵਰੀ ਨੂੰ ਸੰਗਰੂਰ ’ਚ ਵੱਡਾ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਾਮਰਾਜੀ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ’ਚ ਅਜੇ ਮਿਸ਼ਰਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਤੇ ਕਿਸਾਨ ਘੋਲ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਹੋਏ ਕੇਸ ਰੱਦ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਡੀਸੀ ਕੰਪਲੈਕਸ ਅੱਗੇ ਚੱਲ ਰਿਹਾ ਰੋਸ ਧਰਨਾ ਜਾਰੀ ਰਹੇਗਾ ਕਿਉਂਕਿ ਚੰਨੀ ਸਰਕਾਰ ਵਲੋਂ ਮੀਟਿੰਗ ਦੌਰਾਨ ਮੰਨੀਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।