ਨਿਊਯਾਰਕ, 11 ਜੁਲਾਈ
ਨਿਊਯਾਰਕ ਸਬਵੇਅ ’ਚ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਘੜਨ ਦੇ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਅਲ-ਕਾਇਦਾ ਦੇ ਇਕ ਮੈਂਬਰ ਦੇ ਪਿਤਾ ਨੂੰ ਅਮਰੀਕਾ ਤੋਂ ਅਫ਼ਗਾਨਿਸਤਾਨ ਡਿਪੋਰਟ ਕਰ ਦਿੱਤਾ ਗਿਆ ਹੈ। ਧਮਾਕਿਆਂ ਦੀ ਸਾਜ਼ਿਸ਼ ਦਾ ਇਹ ਕੇਸ 2009 ਦਾ ਹੈ। ਮੁਹੰਮਦ ਵਲੀ ਜ਼ਾਜ਼ੀ (66) ਨੂੰ ਫਰਵਰੀ 2012 ਵਿਚ ਵੀਜ਼ਾ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ਨੂੰ ਕਾਨੂੰਨੀ ਪ੍ਰਕਿਰਿਆ ਵਿਚ ਅੜਿੱਕਾ ਪਾਉਣ ਅਤੇ ਅੜਿੱਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਵੀ ਠਹਿਰਾਇਆ ਗਿਆ ਸੀ। ਅਮਰੀਕਾ ਦੇ ਆਵਾਸ ਤੇ ਕਸਟਮ ਵਿਭਾਗ ਨੇ ਮੁਹੰਮਦ ਨੂੰ 13 ਜੂਨ ਨੂੰ ਮੁਲਕ ਤੋਂ ਵਾਪਸ ਅਫ਼ਗਾਨਿਸਤਾਨ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਜ਼ਾਜ਼ੀ ਦਾ ਪੁੱਤਰ ਨਜੀਬਉੱਲ੍ਹਾ ਜ਼ਾਜ਼ੀ ਅਲ-ਕਾਇਦਾ ਦਾ ਮੈਂਬਰ ਹੈ ਤੇ ਉਸ ਨੂੰ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਜ਼ਾਜ਼ੀ ਅਗਸਤ 1990 ਵਿਚ ਅਮਰੀਕਾ ਵਿਚ ਦਾਖਲ ਹੋਇਆ ਸੀ ਤੇ ਅਕਤੂਬਰ 2007 ਵਿਚ ਨਾਗਰਿਕ ਬਣ ਗਿਆ ਸੀ। ਨਿਊਯਾਰਕ ਦੀ ਅਦਾਲਤ ਨੇ ਫਰਵਰੀ 2012 ਵਿਚ ਮੁਹੰਮਦ ਵਲੀ ਨੂੰ 54 ਮਹੀਨਿਆਂ ਦੀ ਕੈਦ ਦੀ ਸਜ਼ਾ ਵੀ ਸੁਣਾਈ ਸੀ। ਜ਼ਾਜ਼ੀ ਦੀ ਨਾਗਰਿਕਤਾ ਨਵੰਬਰ 2018 ਵਿਚ ਕੋਲੋਰਾਡੋ ਦੀ ਅਦਾਲਤ ਨੇ ਵਾਪਸ ਲੈ ਲਈ ਸੀ। ਡੈਨਵਰ ਸੂਬੇ ਦੇ ਇਮੀਗ੍ਰੇਸ਼ਨ ਜੱਜ ਨੇ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। -ਪੀਟੀਆਈ