ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 12 ਫਰਵਰੀ
ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਏ ਕਿਸਾਨਾਂ ’ਤੇ ਪਰਚੇ ਦਰਜ ਕਰਕੇ ਦਬਾਅ ਬਣਾਉਣ ਤਹਿਤ ਪੰਜਾਬ ਵਿੱਚੋਂ ਗਏ ਕਿਸਾਨਾਂ ’ਤੇ ਦਿੱਲੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਇੱਥੇ ਕਿਸਾਨਾਂ ਦੇ ਕੇਸਾਂ ਦੀ ਪੈਰਵੀ ਕਰਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੂੰ ਅੱਜ ਜ਼ਿਲ੍ਹਾ ਪਟਿਆਲਾ ਤੋਂ ਦੋ ਕਿਸਾਨ ਮਿਲਣ ਲਈ ਆਏ। ਇਨ੍ਹਾਂ ਵਿੱਚੋਂ ਇੱਕ ਨੇੇ ਦੱਸਿਆ ਕਿ ਉਹ ਕਿਸਾਨੀ ਸੰਘਰਸ਼ ਦੌਰਾਨ ਬਿਮਾਰ ਹੋਣ ਉਪਰੰਤ ਦਵਾਈ ਲੈਣ ਲਈ ਗਿਆ ਸੀ ਤੇ ਉੱਥੇ ਉਸ ਵੱਲੋਂ ਆਪਣਾ ਪਤਾ ਦਰਜ ਕਰਵਾਇਆ ਗਿਆ ਸੀ ਤੇ ਦਿੱਲੀ ਦੀ ਕ੍ਰਾਈਮ ਬ੍ਰਾਂਚ ਵੱਲੋਂ ਉੱਥੋਂ ਪਤੇ ਪ੍ਰਾਪਤ ਕਰਕੇ ਉਨ੍ਹਾਂ ’ਤੇ ਪਰਚੇ ਦਰਜ ਕਰਕੇ ਪੁਲੀਸ ਥਾਣੇ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜੇ ਗਏ ਹਨ।
ਦੂਜੇ ਕਿਸਾਨ ਨੇ ਦੱਸਿਆ ਕਿ ਉਸ ਦਾ ਪਤਾ ਪੁਲੀਸ ਨੂੰ ਕਿਵੇਂ ਲੱਗਿਆ ਇਸ ਬਾਰੇ ਉਹ ਨਹੀਂ ਜਾਣਦਾ। ਸ੍ਰੀ ਧਾਰਨੀ ਨੇ ਕਿਹਾ ਕਿ ਦਿੱਲੀ ਪੁਲੀਸ ਕਿਸਾਨਾਂ ’ਤੇ ਦਬਾਅ ਬਣਾਉਣ ਲਈ ਅਜਿਹਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਆਫਿਸ ਆਫ ਦੀ ਅਸਿਸਟੈਂਟ ਕਮਿਸ਼ਨਰ ਆਫ ਪੁਲੀਸ ਦੇ ਸਪੈਸ਼ਲ ਟੀਮ ਫਾਰ ਐਕਟਿਵ ਰੌਬਰਜ਼ ਐਂਡ ਸਨੈਚਰ ਕ੍ਰਾਈਮ ਬਰਾਂਚ ਨਵੀਂ ਦਿੱਲੀ ਵੱਲੋਂ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਸਾਂ ਦੀ ਕਾਨੂੰਨੀ ਪੈਰਵੀ ਕਰਨ ਲਈ ਦਿੱਲੀ ਨਾਲ ਸਬੰਧਤ ਵਕੀਲਾਂ ਵੱਲੋਂ ਫਾਈਲਾਂ ਤਿਆਰ ਕਰ ਲਈਆਂ ਗਈਆਂ ਹਨ ਤੇ ਜਲਦ ਹੀ ਇਨ੍ਹਾਂ ਸਬੰਧੀ ਬਣਦੀ ਕਾਨੂੰਨੀ ਪੈਰਵੀ ਮੁਫ਼ਤ ਵਿੱਚ ਕੀਤੀ ਜਾਵੇਗੀ।