ਆਤਿਸ਼ ਗੁਪਤਾ
ਚੰਡੀਗੜ੍ਹ, 30 ਨਵੰਬਰ
ਸਥਾਨਕ ਨਗਰ ਨਿਗਮ ਦੀਆਂ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਕਰਨ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਸੋਚਾਂ ਵਿੱਚ ਪਈਆਂ ਹਨ। ‘ਆਪ’ ਵੱਲੋਂ ਲੰਘੀ ਰਾਤ ਜਾਰੀ ਕੀਤੀ 26 ਉਮੀਦਵਾਰਾਂ ਦੀ ਸੂਚੀ ਤੋਂ ਬਾਅਦ ਪਾਰਟੀ ਵਰਕਰਾਂ ਦੀ ਨਾਰਾਜ਼ਗੀ ਜੱਗ ਜ਼ਾਹਿਰ ਹੋਣ ਲੱਗੀ ਹੈ। ਵਾਰਡ ਨੰਬਰ-16 ਤੋਂ ਦਾਅਵੇਦਾਰੀ ਰੱਖਣ ਵਾਲੇ ਅਸ਼ੋਕ ਬੈਨੀਵਾਲ ਨੇ ਪਾਰਟੀ ਖ਼ਿਲਾਫ਼ ਗੁੱਸਾ ਕੱਢਿਆ। ਉਨ੍ਹਾਂ ਆਪਣੇ ਇਲਾਕਾ ਵਾਸੀਆਂ ਨਾਲ ਮਿਲ ਕੇ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਦਾ ਪੁਤਲਾ ਸਾੜਿਆ ਗਿਆ।
ਅਸ਼ੋਕ ਬੈਨੀਵਾਲ ਨੇ ਕਿਹਾ ਕਿ ਉਹ ‘ਆਪ’ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸਨ। ਉਸ ਨੇ ਕਿਹਾ ਕਿ ਜਦੋਂ ਨਿਗਮ ਚੋਣਾਂ ਵਿੱਚ ਟਿਕਟ ਦੇਣ ਦੀ ਵਾਰੀ ਆਈ ਤੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਕੁਝ ਦਿਨ ਪਹਿਲਾਂ ਪਾਰਟੀ ਵਿੱਚ ਆਏ ਵਿਅਕਤੀ ਨੂੰ ਨਿਗਮ ਚੋਣਾਂ ਲਈ ਟਿਕਟ ਦਿੱਤੀ ਜਾਂਦੀ ਹੈ। ਸ੍ਰੀ ਬੈਨੀਵਾਲ ਨੇ ਕਿਹਾ ਕਿ ਆਮ ਲੋਕਾਂ ਦੀ ਪਾਰਟੀ ਕਹਾਉਣ ਵਾਲੀ ‘ਆਪ’ ਵੀ ਪੈਸੇ ਅਤੇ ਸਰਮਾਏਦਾਰ ਵਾਲੇ ਉਮੀਦਵਾਰ ਦੀ ਭਾਲ ਕਰ ਰਹੀ ਹੈ। ਇਸੇ ਕਰਕੇ ਪਹਿਲੇ ਦਿਨ ਤੋਂ ਪਾਰਟੀ ਨਾਲ ਜੁੜੇ ਵਰਕਰ ਨੂੰ ਛੱਡ ਨਵੇਂ ਬੰਦੇ ਨੂੰ ਟਿਕਟ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ‘ਆਪ’ ਦੇ ਖ਼ਿਲਾਫ਼ ਸ਼ਹਿਰ ਭਰ ’ਚ ਮੁਹਿੰਮ ਚਲਾਉਣਗੇ ਕਿ ਕਿਸ ਤਰ੍ਹਾਂ ਪਾਰਟੀ ਪੁਰਾਣੇ ਵਰਕਰਾਂ ਦੀ ਮਿਹਤਨ ਨੂੰ ਨਜ਼ਰ ਅੰਦਾਜ ਕਰ ਰਹੀ ਹੈ। ਸ੍ਰੀ ਬੈਨੀਵਾਲ ਨੇ ਕਿਹਾ ਕਿ ਉਹ ਆਪਣੀ ਟੀਮ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਨਿਗਮ ਚੋਣਾਂ ਲੜਨ ਦਾ ਐਲਾਨ ਕਰਨਗੇ।
‘ਆਪ’ ਨੇ ਹਰ ਵਰਕਰ ਨੂੰ ਬਣਦਾ ਸਨਮਾਨ ਦਿੱਤਾ: ਪ੍ਰੇਮ ਗਰਗ
‘ਆਪ’ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਪਾਰਟੀ ਵੱਲੋਂ ਹਰ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਪਾਰਟੀ ਕੋਲ ਹਰ ਵਾਰਡ ਵਿੱਚੋਂ 3 ਤੋਂ 4 ਜਣਿਆਂ ਨੇ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਚੋਣ ਕਮੇਟੀ ਨੇ ਸਰਵੇਖਣ ਕਰ ਕੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਵਿਚ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਗਿਆ।