ਨਵੀਂ ਦਿੱਲੀ: ਸੀਬੀਆਈ ਨੇ ਚਰਚਿਤ ਸੋਲਰ ਘੁਟਾਲੇ ਵਿੱਚ ਇਕ ਮਹਿਲਾ ਵੱਲੋਂ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ, ਸਾਬਕਾ ਕੇਂਦਰੀ ਮੰਤਰੀ ਕੇ.ਸੀ. ਵੇਣੂਗੋਪਾਲ ਅਤੇ ਹੋਰ ਸਿਆਸਤਦਾਨਾਂ ’ਤੇ ਲਾਏ ਗਏ ਜਿਨਸੀ ਸੋਸ਼ਣ ਦੇ ਦੋਸ਼ਾਂ ਦੀ ਜਾਂਚ ਆਪਣੇ ਜ਼ਿੰਮੇ ਲੈ ਲਈ ਹੈ। 2012 ਵਿੱਚ ਯੂਡੀਐੱਫ ਸਰਕਾਰ ਦੇ ਕਾਰਜਕਾਲ ਦੌਰਾਨ ਔਰਤ ਨੇ ਜਿਨਸੀ ਸੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕੇਰਲਾ ਪੁਲੀਸ ਦੀ ਕਰਾਈਮ ਬਰਾਂਚ ਨੇ ਚਾਂਡੀ ਸਣੇ ਛੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸੀਪੀਆਈ (ਐੱਮ) ਦੀ ਅਗਵਾਈ ਹੇਠਲੀ ਸਰਕਾਰ ਨੇ ਇਸੇ ਸਾਲ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਸਿਫਾਰਿਸ਼ ਕੀਤੀ ਸੀ। -ਪੀਟੀਆਈ