ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਨਵੰਬਰ
ਹੋਰਨਾਂ ਸੂਬਿਆਂ ਤੋਂ ਆ ਰਹੇ ਝੋਨੇ ਤੋਂ ਬਾਅਦ ਹੁਣ ਕਿਸਾਨਾਂ ਨੇ ਇਥੇ ਇਕ ਗੋਦਾਮ ’ਚੋਂ ਵੱਡੀ ਗਿਣਤੀ ਵਿਚ ਯੂਰੀਆ ਖਾਦ ਦੀਆਂ ਬੋਰੀਆਂ ਬਰਾਮਦ ਕੀਤੀਆਂ ਹਨ। ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਝੀਤੇ ਨੇ ਦੱਸਿਆ ਕਿ ਪਿੰਡ ਝੀਤੇ ਕਲਾਂ ਦੇ ਇੱਕ ਗੋਦਾਮ ’ਚੋਂ ਹਜ਼ਾਰਾਂ ਦੀ ਗਿਣਤੀ ਵਿਚ ਯੂਰੀਆ ਦੀਆਂ ਬੋਰੀਆਂ ਫੜੀਆਂ ਗਈਆਂ ਹਨ। ਇਹ ਬੋਰੀਆਂ ਖੇਤੀਬਾੜੀ ਵਿਭਾਗ ਰਾਹੀਂ ਪੁਲੀਸ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਯੂਰੀਆ ਖਾਦ ਨਾਲ ਲੱਦਿਆ ਇੱਕ ਟਰੱਕ ਆਇਆ ਸੀ। ਗੋਦਾਮ ਦਾ ਗੇਟ ਛੋਟਾ ਹੋਣ ਕਾਰਨ ਟਰੱਕ ਅੰਦਰ ਨਾ ਜਾ ਸਕਿਆ, ਜਿਸ ਕਰਕੇ ਕਾਮਿਆਂ ਨੇ ਖਾਦ ਦੀਆਂ ਬੋਰੀਆਂ ਨੂੰ ਬਾਹਰ ਹੀ ਲਾਹੁਣਾ ਸ਼ੁਰੂ ਕਰ ਦਿੱਤਾ। ਯੂਰੀਆ ਖਾਦ ਦੀਆਂ ਬੋਰੀਆਂ ਦੇਖਣ ਮਗਰੋਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਸ ਵੇਲੇ ਜਦੋਂ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਯੂਰੀਆ ਖਾਦ ਨਹੀਂ ਮਿਲ ਰਹੀ ਤਾਂ ਇਹ ਖਾਦ ਕਿਥੋਂ ਆਈ। ਸਵੇਰੇ ਜਦੋਂ ਕਿਸਾਨ ਕਾਰਕੁਨਾਂ ਦੀ ਮਦਦ ਨਾਲ ਜਥੇਬੰਦੀ ਨੇ ਕਾਰਵਾਈ ਕੀਤੀ ਤਾਂ ਗੋਦਾਮ ’ਚੋਂ ਵੱਡੀ ਗਿਣਤੀ ਵਿਚ ਖਾਦ ਦੀਆਂ ਬੋਰੀਆਂ ਮਿਲੀਆਂ। ਇਸ ਦੌਰਾਨ ਖੇਤੀਬਾੜੀ ਵਿਭਾਗ ਦਾ ਅਮਲਾ ਵੀ ਪੁੱਜ ਗਿਆ ਸੀ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਸ ਯੂਰੀਆ ਖਾਦ ਨੂੰ ਖੇਤਾਂ ਵਿਚ ਵਰਤਣ ਦੀ ਥਾਂ ਕੈਮੀਕਲ ਬਣਾਉਣ ਲਈ ਵਰਤਿਆ ਜਾਂਦਾ ਹੈ ਅਤੇ ਉਸ ਕੈਮੀਕਲ ਤੋਂ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। ਥਾਣਾ ਚਾਟੀਵਿੰਡ ਦੇ ਐੱਸਐੱਚਓ ਮਨਦੀਪ ਸਿੰਘ ਨੇ ਦੱਸਿਆ ਕਿ ਗੈਰਕਾਨੂੰਨੀ ਢੰਗ ਨਾਲ ਖਾਦ ਭੰਡਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਭੰਡਾਰ ਕੀਤੀ ਯੂਰੀਆ ਖਾਦ ਦੀਆਂ ਬੋਰੀਆਂ ਵੀ ਕਬਜ਼ੇ ’ਚ ਲੈ ਲਈਆਂ ਹਨ।