ਪੱਤਰ ਪ੍ਰੇਰਕ
ਸ਼ੇਰਪੁਰ, 10 ਅਗਸਤ
ਘਨੌਰੀ ਕਲਾਂ ਦੇ ਪਰਮਜੀਤ ਸਿੰਘ ਪੰਮਾਂ ਖੁਦਕੁਸ਼ੀ ਮਾਮਲੇ ਸਬੰਧੀ ਮਰਹੂਮ ਦੀ ਪਤਨੀ ਤੇ ਸੱਸ ਦੀ ਗ੍ਰਿਫ਼ਤਾਰੀ ਲਈ ਪੁਲੀਸ ਦੇ ਸੁਸਤ ਰਵੱਈਏ ਵਿਰੁੱਧ ਪਿੰਡ ਵਾਸੀ ਮੁੜ ਸੰਘਰਸ਼ ਆਰੰਭਣ ਦੇ ਰੌਂਅ ਵਿੱਚ ਹਨ।
ਪਿੰਡ ਘਨੌਰੀ ਕਲਾਂ ਵਿਖੇ ਕਿਸਾਨ ਆਗੂ ਰਘਵੀਰ ਸਿੰਘ ਅਤੇ ਮਾਸਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਮਰਹੂਮ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਰਾਇ ਮਸ਼ਵਰੇ ਨਾਲ ਲਏ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਇੱਕ ਵਾਰ 11 ਅਗਸਤ ਨੂੰ ਡੀਐੱਸਪੀ ਧੂਰੀ ਯੋਗੇਸ਼ ਸ਼ਰਮਾ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਪਰਮਜੀਤ ਸਿੰਘ ਪੰਮਾਂ ਨੇ ਲੰਘੇ 5 ਅਸਗਤ ਨੂੰ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ ਜਿਸ ਮਗਰੋ ਪੀੜਤ ਪਰਿਵਾਰ ਨੇ ਮਰਹੂਮ ਦੀ ਪਤਨੀ, ਪ੍ਰੇਮੀ ਅਤੇ ਸੱਸ ਨੂੰ ਇਸ ਘਟਨਾਕ੍ਰਮ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ 72 ਘੰਟੇ ਲਗਾਏ ਧਰਨੇ ਮਗਰੋਂ ਪਤਨੀ ਦੇ ਪ੍ਰੇਮੀ ਦੀ ਗ੍ਰਿਫ਼ਤਾਰੀ ਹੋਈ ਪਰ ਭਰੋਸਿਆਂ ਦੇ ਬਾਅਦ ਪਰਮਜੀਤ ਸਿੰਘ ਦੇ ਕੀਤੇ ਅੰਤਿਮ ਸੰਸਕਾਰ ਮਗਰੋਂ ਤਿੰਨ ਦਿਨ ਬੀਤ ਜਾਣ ’ਤੇ ਪੁਲੀਸ ਅਜ਼ਾਦ ਘੁੰਮ ਰਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫ਼ਲ ਰਹੀ ਹੈ।