ਪਵਨਜੀਤ ਕੌਰ
ਅੱਜ ਮੀਡੀਆ ਸਦਕਾ ਸੰਚਾਰ ਦੀ ਗਤੀ ਇੰਨੀ ਤੀਬਰ ਹੋ ਚੁੱਕੀ ਹੈ ਕਿ ਅੱਖ ਦੇ ਫੋਰ ਵਿਚ ਸੁਨੇਹਾ ਇਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦਾ ਹੈ। ਸਾਈਬਰ ਮੀਡੀਆ ਦੀ ਧਮਾਕੇਦਾਰ ਦਸਤਕ ਨਾਲ ਸੰਸਾਰ ਦਾ ਹਰ ਕੋਨਾ ਹਿੱਲਿਆ ਹੈ। ਸਾਹਿਤਕ ਜਗਤ ਹਰ ਜ਼ਮਾਨੇ ਅਨੁਸਾਰ ਢਲਦਾ ਜਾਂਦਾ ਹੈ। ਸੋਸ਼ਲ ਮੀਡੀਆ ਦੇ ਇਸ ਤਾਣੇ ਪੇਟੇ ਨੇ ਸਮਾਜ ਦੇ ਹਰ ਸਭਿਆਚਾਰ, ਲੋਕਧਾਰਾ, ਬੋਲੀ ਤੇ ਰੀਤੀ ਰਿਵਾਜਾਂ ਨੂੰ ਆਪਣੇ ਲਪੇਟੇ ਵਿਚ ਲਿਆ ਹੈ। ਇਸ ਦਾ ਅਕਸ ਸਾਹਿਤਕ ਵੰਨਗੀਆਂ, ਸਾਹਿਤਕ ਸਰਗਰਮੀਆਂ, ਸਾਹਿਤਕਾਰਾਂ ਤੇ ਸਾਹਿਤ ਵਰਗ ਨਾਲ ਜੁੜੇ ਸਮੂਹ ਕੰਮਾਂ-ਕਾਰਾਂ ਦੇ ਮੂਲੋਂ ਬਦਲਵੇਂ ਸਰੂਪ ਰਾਹੀਂ ਦੇਖਿਆ ਜਾ ਸਕਦਾ ਹੈ। ਅੱਜ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਰਵਾਇਤੀ ਨੇਮਾਂ ਤੋਂ ਪਰ੍ਹੇ ਸਾਹਿਤਕ ਸਰਗਰਮੀਆਂ ਹੋ ਰਹੀਆਂ ਹਨ। ਸਾਹਿਤ ਆਪਣੀ ਰਵਾਇਤੀ ਸਹਿਜ ਚਾਲ ਛੱਡ ਸੰਚਾਰ ਦੇ ਤੇਜ਼ ਤਰਾਰ ਸਾਧਨਾਂ ਨਾਲ ਜੁੜ ਗਿਆ ਹੈ।
ਦੁਨੀਆ ਭਰ ਦੇ ਦੇਸ਼ਾਂ ਵਿਚ ਸਾਈਬਰ ਸਾਹਿਤ ਨੇ ਜ਼ੋਰ ਫੜ੍ਹਿਆ ਹੈ ਅਤੇ ਪੱਛਮੀ ਦੇਸ਼ਾਂ ਵਿਚ ਇਸ ਸਾਹਿਤ ਨੂੰ ‘ਵੱਖਰੀ ਪਛਾਣ’ ਦਿਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸਾਈਬਰ ਸਪੇਸ ਉੱਤੇ ਰਚੇ ਜਾ ਰਹੇ ਅਜਿਹੇ ਸਾਹਿਤ ਲਈ ਅਲੱਗ ਪੁਰਸਕਾਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਨਾਲ ਹੀ ‘ਟਵਿਟਰੇਚਰ’, ‘ਟਵਿਲਰ’, ‘ਟਵਿਕਸ਼ਨ’ ਅਤੇ ‘ਫੇਸਬੁੱਕ ਫਿਕਸ਼ਨ’ ਜਿਹੇ ਨਾਂ ਦਿੱਤੇ ਜਾ ਰਹੇ ਹਨ। 2009 ਵਿਚ ਅਲੈਕਜੈਂਡਰ ਇਕੀਮੈਨ ਅਤੇ ਅਮੇਟ ਰੇਨਸਿਨ ਵੱਲੋਂ ‘ਟਵਿਟਰੇਚਰ: ਦਿ ਵਰਲਡਜ਼ ਗ੍ਰੇਟੇਸਟ ਬੁਕਸ ਰੀਟੋਲਡ ਥਰੂ ਟਵਿਟਰ’ ਲਿਖ ਕੇ ਸਾਹਿਤ ਨੂੰ ਨਵੀਂ ਦਿਸ਼ਾ ਦੇਣਾ ਪਹਿਲਕਦਮੀ ਸੀ। ਉਨ੍ਹਾਂ ਦੀ ਇਸ ਕਿਤਾਬ ਵਿਚ ਸ਼ੇਕਸਪੀਅਰ ਤੋਂ ਲੈ ਕੇ ਦਾਂਤੇ ਤੱਕ ਦੀਆਂ ਕਈ ਕਿਤਾਬਾਂ ਵਿਚਲੀ ਸਮੱਗਰੀ ਨੂੰ ਟਵੀਟ (140 ਸ਼ਬਦਾਂ) ਰਾਹੀਂ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਸੰਸਾਰ ਭਰ ਵਿਚ ਸੋਸ਼ਲ ਮੀਡੀਆ ਉੱਤੇ ਸਾਹਿਤ ਲਿਖਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਭਾਰਤੀ ਭਾਸ਼ਾਵਾਂ ਵਿਚ ਸੋਸ਼ਲ ਮੀਡੀਆ ਉੱਤੇ ਲਿਖਣ ਵਾਲਿਆਂ ਦੇ ਅੰਕੜੇ ਹਰ ਸਾਲ ਵਧ ਰਹੇ ਹਨ। ਹਿੰਦੀ ਸਾਹਿਤ ਜਗਤ ਵਿਚ ਵੀ ਫੇਸਬੁੱਕ ਉੱਤੇ ਅੱਪਡੇਟ ਕੀਤੇ ਛੋਟੇ-ਛੋਟੇ ਸਟੇਟਸ ਲਘੂ ਪ੍ਰੇਮ ਕਥਾ ਲੜੀ ਦੇ ਤਹਿਤ ‘ਲਪ੍ਰੇਕ’ ਸਿਰਲੇਖ ਹੇਠ ਰਾਜਕਮਲ ਪ੍ਰਕਾਸ਼ਨ ਵੱਲੋਂ ਛਾਪੇ ਗਏ ਜਿਸ ਵਿਚ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਦੀ ਕਿਤਾਬ ‘ਇਸ਼ਕ ਮੇਂ ਸ਼ਹਰ ਹੋਨਾ’, ਗਰਿੰਦਰ ਨਾਥ ਝਾ ਦੀ ‘ਇਸ਼ਕ ਮੇਂ ਮਾਟੀ ਹੋਨਾ’ ਅਤੇ ਵਨੀਤ ਕੁਮਾਰ ਦੀ ‘ਇਸ਼ਕ ਕੋਈ ਨਿਊਜ਼ ਨਹੀਂ ਹੈ’ ਸਨ।
ਤਕਨੀਕੀ ਕ੍ਰਾਂਤੀ ਦਾ ਇਹ ਪੜਾਅ ਪੰਜਾਬੀ ਸਾਹਿਤ ਲਈ ਕੀ ਭੂਮਿਕਾ ਅਦਾ ਕਰੇਗਾ ਜਾਂ ਕਰ ਰਿਹਾ ਹੈ, ਇਹ ਸੰਜੀਦਗੀ ਨਾਲ ਵਿਚਾਰਨਯੋਗ ਵਿਸ਼ਾ ਹੈ। ਨਵੇਂ ਮੀਡੀਆ ਮੰਚਾਂ ਉੱਤੇ ਨਵੇਂ ਸਾਹਿਤਕਾਰਾਂ ਦੀਆਂ ਲੰਬੀਆਂ ਕਤਾਰਾਂ ਨਜ਼ਰੀਂ ਪੈ ਰਹੀਆਂ ਹਨ। ਸਾਈਬਰ ਮੀਡੀਆ ਨੇ ਪੰਜਾਬੀ ਸਾਹਿਤ ਜਗਤ ਵਿਚ ਵਰਚੂਅਲ ਲੇਖਕਾਂ ਦੇ ਰੂਪ ਵਿਚ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਜਨਮ ਦਿੱਤਾ ਹੈ। ਬਹੁਤ ਥੋੜ੍ਹੇ ਸਮੇਂ ਵਿਚ ਆਪਣੀ ਵੱਡੀ ਪਛਾਣ ਬਣਾਉਣ ਪਿੱਛੇ ਤਕਨਾਲੋਜੀ ਦਾ ਹੱਥ ਮੰਨਦਿਆਂ ‘ਸੂਹੇ ਅੱਖਰ’ ਫੇਸਬੁੱਕ ਗਰੁੱਪ ਦੇ ਕਵੀ ਸੁਖਵੀਰ ਸਿੰਘ ਨੇ ਤਾਂ ਇੱਥੋਂ ਤੱਕ ਕਿਹਾ ਹੈ, ‘‘ਮੈਂ ਕੁੱਲ ਮਿਲਾ ਕੇ ਇਹ ਕਹਿ ਸਕਦਾ ਹਾਂ ਕਿ ਸੋਸ਼ਲ ਸਾਈਟਾਂ ਸਾਡੇ ਲਈ ਰੱਬ ਜਿੱਡਾ ਆਸਰਾ ਹਨ।’’ ਇਸ ਕਵੀ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ, ‘‘1997-98 ਵਿਚ ਮੇਰਾ ਇਕ ਨਾਟਕ ‘ਉਸ ਤੋਂ ਬਾਅਦ’ ਛਪਿਆ ਸੀ ਜਿਸ ਦੀ ਸ਼ਾਇਦ ਕੋਈ ਵੀ ਕਾਪੀ ਵਿਕੀ ਨਹੀਂ। ਪ੍ਰਕਾਸ਼ਕ ਨੇ ਮੇਰੇ ਤੋਂ 7500 ਰੁਪਏ ਲਏ। ਕਿੰਨੀਆਂ ਕਾਪੀਆਂ ਛਪੀਆਂ ਜਾਂ ਹੋਰ ਜੋ ਵੀ ਹੋਇਆ ਇਸ ਬਾਰੇ ਮੈਨੂੰ ਹੋਰ ਕੋਈ ਜਾਣਕਾਰੀ ਨਹੀਂ। ਇਸ ਤੋਂ ਬਾਅਦ ਮੈਂ ਲਿਖਣਾ ਛੱਡ ਦਿੱਤਾ ਸੀ।’’ ਉਸ ਨੇ ਅੱਗੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਫੇਸਬੁੱਕ ਉੱਤੇ ਬਲੌਗ ਬਣਾ ਕੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਫੇਸਬੁੱਕ ਪਾਠਕਾਂ ਦੀ ਮੰਗ ਉੱਤੇ ਉਸ ਨੇ ਇਨ੍ਹਾਂ ਕਵਿਤਾਵਾਂ ਨੂੰ ਕਿਤਾਬ ‘ਆਪਣੇ ਹਿੱਸੇ ਦਾ ਮੌਨ’ ਦੇ ਰੂਪ ਵਿਚ ਛਪਵਾਇਆ ਜਿਸ ਦਾ ਪਹਿਲਾ ਐਡੀਸ਼ਨ 1 ਮਹੀਨਾ ਤੇ 22 ਦਿਨਾਂ ਵਿਚ ਹੀ ਵਿਕ ਗਿਆ।
ਗੁਰਪ੍ਰੀਤ ਭੰਵਰ ਫੇਸਬੁੱਕ ਲੇਖਕ ਆਪਣੇ ਸਾਹਿਤਕ ਸਫ਼ਰ ਉੱਤੇ ਸੋਸ਼ਲ ਮੀਡੀਆ ਦੇ ਖ਼ਾਸ ਪ੍ਰਭਾਵ ਨੂੰ ਕਬੂਲਦਿਆਂ ਕਹਿੰਦਾ ਹੈ, ‘‘ਮੈਂ ਆਪਣੀ ਪਛਾਣ ਸੋਸ਼ਲ ਮੀਡੀਆ ਰਾਹੀਂ ਹੀ ਬਣਾਈ। ਮੈਂ ‘ਖਸਮ ਦਾਨ’ ਨਾਮ ਦਾ ਇਕ ਨਾਵਲ ਫੇਸਬੁੱਕ ਉਪਰ ਪੋਸਟ ਕੀਤਾ ਸੀ ਜੋ ਪਾਠਕਾਂ ਨੇ ਬਹੁਤ ਸਰਾਹਿਆ। ਉਸ ਦੌਰਾਨ ਮੇਰੇ ਨਾਲ ਬਹੁਤ ਸਾਰੇ ਪਾਠਕ ਜੁੜੇ।’’ ਇਹ ਲੇਖਕ 2006 ਵਿਚ ਛਪੀ ਪਹਿਲੀ ਕਿਤਾਬ ਨਾਲ ਹੋਏ ਮਾੜੇ ਤਜਰਬੇ ਬਾਰੇ ਦੱਸਦਾ ਹੈ, ‘‘ਮੇਰੇ ਖਿਆਲ ਨਾਲ ਹੁਣ ਮੈਂ ਕਿਤਾਬ ਛਪਵਾਉਣ ਬਾਰੇ ਵਿਚਾਰ ਨਹੀਂ ਕਰਾਂਗਾ। ਸੋਸ਼ਲ ਮੀਡੀਆ ਉਪਰ ਮੈਨੂੰ ਹਰ ਰੋਜ਼ ਬਹੁਤ ਨਵੇਂ ਪਾਠਕ ਮਿਲਦੇ ਹਨ।’’ ਫੇਸਬੁੱਕ ’ਤੇ ਹਰਮਨ ਪਿਆਰੇ ਹੋਏ ਲੇਖਕ ਹਰਮਨਜੀਤ ਦੀ ਬਹੁ-ਚਰਚਿਤ ਕਿਤਾਬ ‘ਰਾਣੀ ਤੱਤ’ ਜੁਲਾਈ 2015 ਵਿਚ ਛਪਣ ਤੋਂ ਲੈ ਕੇ ਹੁਣ ਤੱਕ ਨੌਵੀਂ ਦਸਵੀਂ ਵਾਰ ਛਪ ਚੁੱਕੀ ਹੈ। ਇਹ ਕਿਤਾਬ ਸ਼ਾਹਮੁਖੀ ਵਿਚ ਲਿਪੀਅੰਤਰ ਹੋ ਚੁੱਕੀ ਹੈ ਅਤੇ ਇਸ ਦਾ ਅੰਗਰੇਜ਼ੀ ਵਿਚ ਤਰਜਮਾ ਕੀਤਾ ਜਾ ਚੁੱਕਾ ਹੈ। ਇਸ ਨੂੰ ਕਾਹਨ ਸਿੰਘ ਨਾਭਾ ਰਚਨਾ ਮੰਚ ਵੱਲੋਂ ‘ਸ਼ੇਰ ਕੰਵਰ ਚੌਹਾਨ ਯਾਦਗਾਰੀ ਪੁਰਸਕਾਰ’ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ‘ਹੁੱਕ ਟੂ ਬੁੱਕ’ ਵੱਲੋਂ ਇਸ ਕਿਤਾਬ ਨੂੰ 2016 ਦੀ ‘ਬੈਸਟ ਸੈਲਿੰਗ ਬੁੱਕ’ ਦਾ ਐਵਾਰਡ ਵੀ ਮਿਲ ਚੁੱਕਿਆ ਹੈ।
ਫੇਸਬੁੱਕ ਨੇ ਉੱਭਰਦੇ ਤੇ ਰਵਾਇਤੀ ਪੰਜਾਬੀ ਸਾਹਿਤਕਾਰਾਂ ਨੂੰ ਨਵਾਂ ਮੰਚ ਪ੍ਰਦਾਨ ਕੀਤਾ ਹੀ ਹੈ, ਨਾਲ ਹੀ ਪੰਜਾਬੀ ਸਾਹਿਤ ਦੇ ਆਲੋਚਕਾਂ ਅਤੇ ਪਾਠਕਾਂ ਲਈ ਸਹਿਯੋਗੀ ਸਾਬਿਤ ਹੋ ਰਿਹਾ ਹੈ ਜਿਸ ਸਦਕਾ ਉਹ ਸੋਸ਼ਲ ਮੀਡੀਆ ਉੱਤੇ ਹੋ ਰਹੀਆਂ ਸਾਹਿਤਕ ਸਰਗਰਮੀਆਂ ਅਤੇ ਰਚਨਾਵਾਂ ਉੱਤੇ ਕਰੜੀ ਨਜ਼ਰ ਰੱਖਣ ਵਿਚ ਕਾਮਯਾਬ ਹੋ ਰਹੇ ਹਨ। ਫੇਸਬੁੱਕੀ ਆਲੋਚਕਾਂ ਵਿਚ ਗੁਰਸੇਵਕ ਸਿੰਘ ਚਹਿਲ, ਕੁਲਜੀਤ ਖੋਸਾ ਅਤੇ ਦੀਪ ਜਗਦੀਪ ਦੇ ਨਾਂ ਲਏ ਜਾ ਸਕਦੇ ਹਨ। ਇਨ੍ਹਾਂ ਨੇ ਵੱਖ-ਵੱਖ ਅਜਿਹੀਆਂ ਸਾਹਿਤਕ ਕਿਰਤਾਂ ਪ੍ਰਤੀ ਜ਼ੋਰਦਾਰ ਰੋਸ ਪ੍ਰਗਟ ਕੀਤਾ ਜਿਨ੍ਹਾਂ ਵਿਚ ਇਤਿਹਾਸਕ ਤੱਥਾਂ ਦੀ ਪੇਸ਼ਕਾਰੀ ਸੰਤੁਸ਼ਟੀਜਨਕ ਨਹੀਂ ਸੀ ਜਾਂ ਗੁਰਬਾਣੀ ਤੁਕਾਂ ਨਾਲ ਛੇੜਛਾੜ ਦਾ ਮਾਮਲਾ ਹੋਵੇ ਜਾਂ ਕੱਚਘਰੜ ਰਚਨਾਵਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ। ਸਾਈਬਰ ਸਾਹਿਤ ਕਾਰਨ ਸਾਹਿਤਕ ਰਚਨਾਵਾਂ ਪੜ੍ਹਨ ਅਤੇ ਲਿਖਣ ਦੇ ਨੇਮਾਂ ਵਿਚ ਇਕ ਲਚਕ ਆਈ ਹੈ ਜੋ ਪਹਿਲਾਂ ਮੁੱਖਧਾਰਾਈ ਸਾਹਿਤ ਵਿਚ ਦੇਖਣ ਨੂੰ ਨਹੀਂ ਮਿਲਦੀ ਸੀ। ਸਾਈਬਰ ਮੰਚ ਰਾਹੀਂ ਪੰਜਾਬੀ ਸਾਹਿਤ ਜਗਤ ’ਚ ਹੋ ਰਹੀਆਂ ਇਹ ਸਰਗਰਮੀਆਂ ਇਸ਼ਾਰਾ ਕਰਦੀਆਂ ਹਨ ਕਿ ਅੱਜ ਸਾਹਿਤ ਇਕ ਵੱਖਰਾ ਜਨਤਕ ਅਤੇ ਜਾਤੀ ਕਾਰਜ ਖੇਤਰ ਬਣ ਗਿਆ ਹੈ। ਸਾਹਿਤ ਜਗਤ ਵਿਚ ਆਪ-ਮੁਹਾਰਾਪਣ ਵਧ ਗਿਆ ਹੈ ਜਿਸ ਦਾ ਪ੍ਰਭਾਵ ਮੁੱਢਲੀ ਰਚਨਾਤਮਕ ਸਮੱਗਰੀ ਤੋਂ ਲੈ ਕੇ ਆਰਥਿਕਤਾ ਤੱਕ ਪਿਆ ਹੈ। ਦੂਜਾ ਸਾਈਬਰ ਮੀਡੀਆ ਉੱਤੇ ਅਜਿਹੀ ਸਾਹਿਤਕ ਸਮੱਗਰੀ ਵੀ ਪਈ ਹੈ ਜਿਸ ਨੂੰ ਰਵਾਇਤੀ ਪ੍ਰਿੰਟ ਰੂਪ ਵਿਚ ਕਦੇ ਵੀ ਛਾਪਣਯੋਗ ਨਾ ਮੰਨਿਆ ਜਾਂਦਾ।
ਸਾਈਬਰ ਸਪੇਸ ਦੀ ਵਰਤੋਂ ਕਰ ਰਹੇ ਉੱਭਰਦੇ ਤੇ ਸਥਾਪਿਤ ਲੇਖਕ ਨਵੇਂ ਸਾਹਿਤਕ ਤਜ਼ਰਬੇ ਕਰ ਰਹੇ ਹਨ ਜੋ ਸਾਹਿਤਕ ਰਵਾਇਤਾਂ ਅਨੁਸਾਰ ਨਵੇਂ ਜਾਪ ਰਹੇ ਹਨ। ਰਚਨਾ ਦੇ ਲਿਖਣ ਤੋਂ ਪਹਿਲਾਂ ਉਸ ਬਾਰੇ ਪੋਸਟ ਪਾ ਕੇ ਪਾਠਕਾਂ ਅੰਦਰ ਉਸ ਪ੍ਰਤੀ ਜਗਿਆਸਾ ਜਗਾਈ ਜਾਂਦੀ ਹੈ। ਪੋਸਟ ਅੱਪਡੇਟ ਕਰਨ ਦਾ ਦਿਨ ਅਤੇ ਸਮਾਂ ਆਦਿ ਲਿਖ ਕੇ ਦੱਸਿਆ ਜਾਂਦਾ ਹੈ। ਫੇਸਬੁੱਕ ਲੇਖਕ ਗੁਰਪ੍ਰੀਤ ਭੰਵਰ ਵੱਲੋਂ ਪੋਸਟ ਦੀ ਦੇਰੀ ਹੋਣ ਦੇ ਕਾਰਨ ਸਬੰਧੀ ਪੋਸਟ ਪਾਈ ਜਾਂਦੀ ਹੈ ਜਿਸ ਵਿਚ ਉਹ ਆਪਣੇ ਨਿੱਜੀ ਰੁਝੇਵਿਆਂ ਬਾਰੇ ਦੱਸ ਕੇ ਪਾਠਕ ਨੂੰ ਨਾਲ ਜੋੜੀ ਰੱਖਣਾ ਚਾਹੁੰਦਾ ਹੈ। ਹਰਪਾਲ ਸਿੰਘ, ਗੁਰਪ੍ਰੀਤ ਭੰਵਰ, ਪਗਟ ਸਤੌਜ, ਸੁਖਿੰਦਰ ਸਿੰਘ, ਗੁਰਮੇਲ ਬੀਰੋਕੇ, ਗੁਰਮੀਤ ਕੜਿਆਲਵੀ ਸਮੇਤ ਪ੍ਰਕਾਸ਼ ਸੋਹਲ ਆਦਿ ਲੇਖਕਾਂ ਦੇ ਨਾਂ ਗਿਣ ਸਕਦੇ ਹਾਂ ਜਿਨ੍ਹਾਂ ਨੇ ਪੋਸਟਾਂ ਪਾ ਕੇ ਆਪਣੇ ਲਿਖਣ, ਰਚਨਾਵਾਂ, ਰਚਨਾਵਾਂ ਜਾਂ ਕਿਤਾਬਾਂ ਦੇ ਟਾਈਟਲ ਬਾਰੇ, ਕਹਾਣੀ ਜਾਂ ਨਾਵਲ ਦੇ ਪਾਤਰਾਂ ਜਾਂ ਕਹਾਣੀਆਂ ਦੇ ਪਲਾਟ ਬਾਰੇ ਵੀ ਪੋਸਟਾਂ ਰਾਹੀਂ ਅੱਪਡੇਟ ਕੀਤਾ ਅਤੇ ਪਾਠਕਾਂ ਦੀ ਰਾਇ ਮੰਗੀ।
ਸਾਹਿਤ ਪ੍ਰੇਮੀਆਂ ਵੱਲੋਂ ਟਵਿਟਰ ਜਾਂ ਫੇਸਬੁੱਕ ਉੱਤੇ ਪੁਰਾਣੇ ਨਾਮੀ ਲੇਖਕਾਂ ਦੇ ਨਾਂ ਉੱਤੇ ਪ੍ਰੋਫਾਈਲ ਬਣਾ ਕੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਅੱਪਡੇਟ ਕੀਤਾ ਜਾਂਦਾ ਹੈ। ਇਸ ਤਰ੍ਹਾਂ ਪੁਰਾਤਨ ਤੇ ਆਧੁਨਿਕ ਰਚਨਾਵਾਂ ਜਾਂ ਅੱਪਡੇਟ ਪੋਸਟਾਂ ਪਾਠਕਾਂ ਤੱਕ ਪਹੁੰਚ ਰਹੀਆਂ ਹਨ। ਬਹੁਤ ਸਾਰੇ ਗਰੁੱਪ ਦੇਖੇ ਜਾ ਸਕਦੇ ਹਨ ਜਿਨ੍ਹਾਂ ਰਾਹੀਂ ਸਾਹਿਤਕ ਸਰਗਰਮੀਆਂ ਹੋ ਰਹੀਆਂ ਹਨ। ਇਨ੍ਹਾਂ ਵਿਚ ਕਲਮ 5ਆਬ ਦੀ, ਕਿਤਾਬਾਂ ਦੀ ਦੁਨੀਆਂ, ਮਹਿਕ ਪੰਜਾਬ ਦੀ, ਸਾਹਿਤ ਚਰਚਾ ਤੇ ਪੁਸਤਕ ਸਮੀਖਿਆ, ਹਰਫ਼ਾਂ ਦਾ ਕਾਫਿਲਾ, ਪਹੁ ਫੁਟਾਲੇ ਤੋਂ ਪਹਿਲਾਂ, ਪੰਜਾਬੀ ਪੀ.ਡੀ.ਐਫ਼ ਬੁਕਸ ਲਾਇਬ੍ਰੇਰੀ, ਪੰਜਾਬੀ ਮਿੰਨ੍ਹੀ ਕਹਾਣੀ ਗੋਸ਼ਟੀ ਤੇ ਸੰਵਾਦ, ਪੰਜਾਬੀ ਸਾਹਿਤ ਸਭਾ, ਨੌਜਵਾਨ ਲੇਖਕ, ਪੰਜਾਬੀ ਲਿਖਤਾਂ, ਅਦਬੀ ਕਿਰਨਾਂ, ਸੱਜਰੇ ਜਜ਼ਬਾਤ ਆਦਿ ਨਾਂ ਸ਼ੁਮਾਰ ਹਨ।
ਸਾਈਬਰ ਸਫ਼ਰ ਦੌਰਾਨ ਵੀ ਪੰਜਾਬੀ ਸਾਈਬਰ ਸਾਹਿਤ ਵਿਚ ਨਿਰੰਤਰ ਬਦਲਾਅ ਦੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਸ਼ੁਰੂਆਤੀ ਸਾਲਾਂ ਦੌਰਾਨ ਪੰਜਾਬੀ ਸਾਹਿਤ ਦੇ ਕਾਵਿ-ਰੂਪਾਂ ਜਿਵੇਂ ਹਾਇਕੂ, ਗ਼ਜ਼ਲ, ਗੀਤ ਤੇ ਕਵਿਤਾ ਆਦਿ ਰਾਹੀਂ ਸਾਹਿਤਕਾਰਾਂ ਵੱਲੋਂ ਸਾਈਬਰ ਸਾਹਿਤਕ ਦੁਨੀਆਂ ਵਿਚ ਕਦਮ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਕਹਾਣੀਆਂ ਜਾਂ ਮਿੰਨੀ ਕਹਾਣੀਆਂ ਵਿਚ ਨਵੇਂ ਲੇਖਕ ਜਾਂ ਸਾਹਿਤਕਾਰ ਆਪਣਾ ਹੱਥ ਅਜ਼ਮਾਉਂਦੇ ਹਨ। ਸਮਾਂ ਲੰਘਦਿਆਂ ਹਰ ਇਕ ਸਾਹਿਤਕਾਰ ਲਈ ਆਪਣੇ ਆਪ ਨੂੰ ਸਥਾਪਿਤ ਕਰਨ ਜਾਂ ਪਾਠਕਾਂ ਤੱਕ ਪਹੁੰਚਣ ਲਈ ਇੱਥੇ ਹੋਣਾ ਜ਼ਰੂਰੀ ਹੋ ਗਿਆ ਹੈ। ਸਾਈਬਰ ਮੀਡੀਆ ਦੇ ਸ਼ੁਰੂਆਤੀ ਸਾਲਾਂ ਦੌਰਾਨ ਕਾਵਿ-ਰੂਪੀ ਸਾਹਿਤ ਰਚਣ ਤੋਂ ਲੈ ਕੇ ਹੁਣ ਤੱਕ ਪੰਜਾਬੀ ਸਾਹਿਤ ਦੇ ਵਾਰਤਕ ਅਤੇ ਗਲਪ ਰੂਪ ਨੂੰ ਵੱਡੀ ਤਾਦਾਦ ਵਿਚ ਦੇਖਿਆ ਜਾ ਸਕਦਾ ਹੈ ਜਿਸ ਵਿਚ ਨਾਵਲ, ਲੜੀਵਾਰ ਕਹਾਣੀਆਂ, ਸਫ਼ਰਨਾਮਾ ਅਤੇ ਸਵੈ-ਜੀਵਨੀ ਆਦਿ ਵਿਧਾਵਾਂ ਲਿਖੀਆਂ ਜਾ ਰਹੀਆਂ ਹਨ।
ਪੰਜਾਬੀ ਸਾਹਿਤ ਜਦੋਂ ਸਾਈਬਰ ਦੌਰ ਦੇ ਇਨ੍ਹਾਂ ਪੜਾਵਾਂ ਵਿਚੋਂ ਲੰਘ ਰਿਹਾ ਹੈ ਤਾਂ ਯੂ-ਟਿਊਬ ਸਾਹਿਤ, ਆਡੀਓ ਤੇ ਵੀਡੀਓ ਸਾਹਿਤ ਜਿਹੇ ਨਵੇਂ ਰੁਝਾਨ ਪੈਦਾ ਹੋ ਰਹੇ ਹਨ। ਹਵਾਲੇ ਵਜੋਂ ‘ਰੀਡ ਪੰਜਾਬੀ ਬੁਕਸ’ ਦੀ ਪੋਸਟ ਸਾਂਝਾ ਕਰਦੇ ਹਾਂ ਜਿਸ ਵਿਚ ਆਡੀਓ ਕਿਤਾਬ ਬਣਾਉਣ ਦੀ ਗੱਲ ਆਖਦਿਆਂ ਲਿਖਿਆ ਹੈ ਕਿ ਨਾਵਲ ਤੇ ਹੋਰ ਕਿਤਾਬਾਂ ਰਿਕਾਰਡ ਕਰਕੇ ਪਾਇਆ ਕਰਾਂਗੇ… ਜਿਨ੍ਹਾਂ ਨੂੰ ਪੜ੍ਹਨਾ ਮੁਸ਼ਕਿਲ ਲੱਗਦਾ ਉਹ ਸੁਣ ਕੇ ਕਿਤਾਬਾਂ ਪੜ੍ਹਨ ਵਿਚ ਆਪਣੀ ਦਿਲਚਸਪੀ ਵਧਾ ਸਕਣ।’ ਵੀਡੀਓ ਸਾਹਿਤ (ਲਾਈਵ ਹੋ ਕੇ ਰਚਨਾਵਾਂ ਪੜ੍ਹਨ) ਵਿਚ ਹੱਥ ਅਜ਼ਮਾ ਰਹੇ ਲੇਖਕਾਂ ਵਿਚ ਰੂਪ ਕੌਰ ਕੁੰਨਰ, ਦੀਪਕ ਪਾਰਸ, ਗੁਰਸੇਵਕ ਸਿੰਘ ਲੰਬੀ, ਜਸ਼ਨਦੀਪ ਸਿੰਘ ਬਰਾੜ ਅਤੇ ਆਡੀਓ ਸਾਹਿਤ ਵਿਚ ਦੀਪ ਕੰਗ, ਕਰਨ ਬਰਾੜ ਤੇ ਰਵਿੰਦਰ ਲਾਲਪੁਰੀ ਪ੍ਰਮੁੱਖ ਹਨ। ਇਸ ਵੀਡੀਓ ਪਰੰਪਰਾ ਰਾਹੀਂ ਪੰਜਾਬੀ ਲੋਕਧਾਰਾ ਅਤੇ ਮੌਖਿਕ ਸਾਹਿਤ ਦੇ ਪੁਰਾਤਨ ਅੰਗ ‘ਬਾਤਾਂ ਪਾਉਣ ਦੀ ਰਵਾਇਤ’ ਨੂੰ ਸੁਰਜੀਤ ਹੁੰਦੇ ਦੇਖਿਆ ਜਾ ਸਕਦਾ ਹੈ। ਬਜ਼ੁਰਗਾਂ ਵੱਲੋਂ ਸੁਣਾਈਆਂ ਇਨ੍ਹਾਂ ਬਾਤਾਂ ਨੂੰ ਰਿਕਾਰਡ ਕਰਕੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਜਾ ਰਿਹਾ ਹੈ।
ਜਿਲਦ ਬੰਦ ਸਾਹਿਤ ਤੋਂ ਬਿਜਲਈ ਸਾਹਿਤ ਤੱਕ ਦਾ ਸਫ਼ਰ ਤੈਅ ਕਰਦੇ ਪੰਜਾਬੀ ਸਾਹਿਤ ਨੂੰ ਸਾਈਬਰ ਦੇ ਝਰੋਖੇ ਥਾਣੀਂ ਦੇਖਦਿਆਂ ਇਹ ਗੱਲ ਸਮਝ ਪੈਂਦੀ ਹੈ ਕਿ ਸੋਸ਼ਲ ਮੀਡੀਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਜਿਉਣ ਅਤੇ ਸੰਭਾਲਣ ਵਾਲਿਆਂ ਦੀਆਂ ਪੀੜ੍ਹੀਆਂ ਲਈ ਜਾਗਰੂਕਤਾ ਦਾ ਹੋਕਾ ਦੇ ਸਕਦਾ ਹੈ। ਲੋਕਧਾਰਾ ਅਤੇ ਸਭਿਆਚਾਰ ਦੇ ਬਨੇਰੇ ਤੋਂ ਜਿਹੜੇ ਰੰਗ ਉੱਡ ਪੁੱਡ ਚੱਲੇ ਸਨ, ਉੱਥੇ ਇਹ ਮੋਹਰੀ ਬਣ ਕੇ ਆਇਆ। ਪੰਜਾਬੀ ਅਦਬੀ ਲੋਕਾਂ ਹੱਥ ਅਜਿਹਾ ਉਡਣ ਖਟੋਲਾ ਦੇ ਦਿੱਤਾ ਕਿ ਕੰਧੋਲੀਆਂ ਦੇ ਮੋਰ ਤੋਤੇ ਮੁੜ ਬਾਤਾਂ ਪਾਉਣ ਲੱਗੇ ਹਨ।
ਈ-ਮੇਲ: pawankaur.jeet@gmail.com