ਹਰਜਿੰਦਰ ਸਿੰਘ ਗੁਲਪੁਰ
ਬਲਾਚੌਰ ਤੋਂ ਗੜ੍ਹਸ਼ੰਕਰ ਵਾਲੀ ਮੁੱਖ ਸੜਕ ਦੇ ਸੱਤਵੇਂ ਕਿਲੋਮੀਟਰ ’ਤੇ ਸੱਜੇ ਪਾਸੇ 1947 ਵਿਚ ਉੱਜੜ ਕੇ ਵਸਿਆ ਪਿੰਡ ਚਣਕੋਆ ਹੈ। ਵੰਡ ਤੋਂ ਪਹਿਲਾਂ ਇਹ ਮੁਸਲਮਾਨਾਂ ਦਾ ਘੁੱਗ ਵਸਦਾ ਪਿੰਡ ਹੁੰਦਾ ਸੀ। ਇਲਾਕੇ ਵਿਚ ਮੁਸਲਮਾਨ ਬਹੁ ਗਿਣਤੀ ਵਾਲੇ ਟਾਵੇਂ ਟਾਵੇਂ ਹੋਰ ਪਿੰਡ ਵੀ ਸਨ- ਕਰਾਵਰ, ਰੁੜਕੀ ਮੁਗਲਾਂ, ਚਣਕੋਈ, ਸਾਹਿਬਾ ਆਦਿ। ਉਂਝ, ਮੁਸਲਮਾਨ ਤੇਲੀਆਂ ਤੇ ਜੁਲਾਹਿਆਂ ਦੇ 2-4 ਘਰ ਤਾਂ ਤਕਰੀਬਨ ਹਰ ਪਿੰਡ ਵਿਚ ਸਨ। ਮੁਸਲਮਾਨਾਂ ਦਾ ਹਿੰਦੂ ਸਿੱਖਾਂ ਦੇ ਪਿੰਡਾਂ ਨਾਲ ਬੜਾ ਸਹਿਚਾਰ ਸੀ। ਰਹਿਮਤ ਖਾਂ ਦੀ ਸਖਾਵਤ ਦੀਆਂ ਗੱਲਾਂ ਬਜ਼ੁਰਗਾਂ ਤੋਂ ਅਕਸਰ ਸੁਣਦੇ ਸਾਂ। ਇਥੋਂ ਦਾ ਪ੍ਰਾਇਮਰੀ ਸਕੂਲ 1947 ਤੋਂ ਪਹਿਲਾਂ ਦਾ ਹੈ। ਇਥੋਂ ਦੇ ਅਧਿਆਪਕ ਫਤਿਹ ਮੁਹੰਮਦ ਨੂੰ ਕੌਣ ਨਹੀਂ ਜਾਣਦਾ! ਕਿਸੇ ਵੇਲੇ ਹਲਕੇ ਦੇ ਸਾਰੇ ਸਥਾਨਕ ਆਗੂ ਉਸ ਦੇ ਸ਼ਗਿਰਦ ਸਨ।
ਤੱਤੀ ਹਵਾ ਚੱਲਦਿਆਂ ਦੇਰ ਨਹੀਂ ਲਗਦੀ। ਆਜ਼ਾਦੀ ਤੋਂ 2-3 ਸਾਲ ਪਹਿਲਾਂ ਪਾਕਿਸਤਾਨ ਬਣਨ ਦੀਆਂ ਕਨਸੋਆਂ ਪਿੰਡਾਂ ਵਿਚ ਪਹੁੰਚ ਗਈਆਂ ਸਨ। ਦੇਖਦੇ ਦੇਖਦੇ ਚਿਹਰਿਆਂ ਦੇ ਰੰਗ ਬਦਲਣ ਲੱਗੇ। ਭਰਾਵਾਂ ਵਾਂਗ ਰਹਿੰਦੇ ਲੋਕ ਇੱਕ ਦੂਜੇ ਵੱਲ ਕੌੜ ਕੌੜ ਝਾਕਣ ਲੱਗੇ। ਬੇਯਕੀਨੀ ਦੀ ਦੀਵਾਰ ਉਸਰਨ ਲੱਗੀ। ਫ਼ਿਰਕਾਪ੍ਰਸਤੀ ਦਾ ਭੂਤ ਸਿਰ ਚੜ੍ਹ ਬੋਲਣ ਲੱਗਾ। ਰਾਤ ਨੂੰ ਸੁੱਤੇ ਪਿਆਂ ਦੇ ਕੰਨਾਂ ਵਿਚ ‘ਬੋਲੇ ਸੋ ਨਿਹਾਲ’ ਅਤੇ ‘ਅੱਲਾ ਹੂ ਅਕਬਰ’ ਦੇ ਹੋਕਰੇ ਗੂੰਜਣ ਲੱਗੇ। ਦਿਨ ਚੜ੍ਹਦਿਆਂ ਚਾਰੇ ਪਾਸੇ ਕਬਰਾਂ ਵਰਗੀ ਚੁੱਪ ਛਾ ਜਾਂਦੀ। ਚਿਹਰਿਆਂ ’ਤੇ ਤਣਾਅ ਸਪੱਸ਼ਟ ਦਿਸਦਾ ਤੇ ਮਾਹੌਲ ਵਿਚ ਅਜੀਬ ਤਰ੍ਹਾਂ ਦੀ ਘੁਟਣ। ਦੋਹਾਂ ਫਿਰਕਿਆਂ ਦੇ ਲੋਕ ਟੋਲੀਆਂ ਬੰਨ੍ਹ ਬੰਨ੍ਹ ਭੇਤਭਰੀਆਂ ਗੱਲਾਂ ਕਰਦੇ। ਮਰਦ ਵੇਲੇ ਕੁਵੇਲੇ ਘਰੋਂ ਬਾਹਰ ਜਾਣ ਵੇਲੇ ਆਪਣੇ ਕੋਲ ਹਥਿਆਰ ਰੱਖਣ ਲੱਗ ਪਏ। ਵੰਡ ਤੋਂ 3-4 ਮਹੀਨੇ ਪਹਿਲਾਂ ਦੋਵੇਂ ਧਿਰਾਂ ਕਿਸੇ ਸੰਭਾਵੀ ਜੰਗ ਦੀ ਖੁਫੀਆ ਤਿਆਰੀ ਕਰਦੀਆਂ ਰਹੀਆਂ। ਪਿੰਡ ਪਿੰਡ ਲੋਹਾ ਕੁੱਟਿਆ ਜਾਣ ਲੱਗਾ।
ਆਖਿ਼ਰਕਾਰ ਮੁਲਕ ਆਜ਼ਾਦ ਹੋ ਗਿਆ ਪਰ ਪੰਜਾਬ ਉਜਾੜੇ ਦੇ ਰਾਹ ਪੈ ਗਿਆ। ਮਜ਼ਹਬੀ ਜੰਗ ਦੀ ਆੜ ਹੇਠ ਲੁਟੇਰਿਆਂ ਅਤੇ ਸਮਾਜ ਵਿਰੋਧੀ ਤੱਤਾਂ ਨੇ ਅਤਿ ਚੁੱਕ ਲਈ। 1952 ਵਿਚ ਬਤੌਰ ਅਧਿਆਪਕ ਸੇਵਾਮੁਕਤ ਹੋਏ ਮੇਰੇ ਬਾਬਾ ਮਾਸਟਰ ਬੰਤਾ ਰਾਮ ਛੋਕਰ ਅਤੇ ਇਲਾਕੇ ਦੇ ਹੋਰ ਅਨੇਕਾਂ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਅਨੁਸਾਰ, 1947 ਦੀ ਭਾਦੋਂ ਦਾ ਪਹਿਲਾ ਪੱਖ ਸੀ। ਮੱਕੀ ਦੀ ਫਸਲ ਨੂੰ ਦਾਣਾ ਪੈਣਾ ਸ਼ੁਰੂ ਹੋ ਚੁੱਕਾ ਸੀ। ਬਲਾਚੌਰ ਹਲਕੇ ਨਾਲ ਸਬੰਧਤ ਮੁਸਲਮਾਨਾਂ ਦੇ 13 ਪਿੰਡਾਂ ਦਾ ਬੱਚਾ ਬੱਚਾ ਪਿੰਡ ਚਣਕੋਆ ਵਿਚ ਇਕੱਠਾ ਹੋ ਗਿਆ ਤਾਂ ਕਿ ਕੋਈ ਸੁਰੱਖਿਅਤ ਮੌਕਾ ਦੇਖ ਕੇ ਫ਼ੌਜ ਜਾਂ ਪੁਲੀਸ ਦੀ ਨਿਗਰਾਨੀ ਹੇਠ ਉੱਥੋਂ 20 ਕਿਲੋਮੀਟਰ ਦੂਰ ਗੜ੍ਹਸ਼ੰਕਰ ਲੱਗੇ ਸ਼ਰਨਾਰਥੀ ਕੈਂਪ ਵਿਚ ਪਹੁੰਚਿਆ ਜਾ ਸਕੇ। ਇਹ ਇਕੱਠ ਇੱਕ ਤਰ੍ਹਾਂ ਨਾਲ ਸ਼ਿਕਾਰੀਆਂ ਤੋਂ ਬਚਣ ਲਈ ਸ਼ਿਕਾਰ ਹੋਣ ਵਾਲਿਆਂ ਦਾ ਇਕੱਠ ਸੀ ਪਰ ਇਸ ਇਕੱਠ ਦੀਆਂ ਅਫਵਾਹਾਂ ਉਡ ਗਈਆਂ ਅਤੇ ਖੰਭਾਂ ਦੀਆਂ ਡਾਰਾਂ ਬਣ ਗਈਆਂ। ਇੱਕ ਅਫਵਾਹ ਸੀ ਕਿ ਸਾਰੇ ਇਲਾਕੇ ਦੇ ਮੁਸਲਮਾਨ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਕਿਸੇ ਵੇਲੇ ਵੀ ਉਨ੍ਹਾਂ ਦੇ ਪਿੰਡਾਂ ਉੱਤੇ ਹਮਲਾ ਕਰ ਸਕਦੇ ਹਨ। ਚਣਕੋਆ ਤੋਂ ਲਹਿੰਦੇ ਪਾਸੇ ਡੇਢ ਕਿਲੋਮੀਟਰ ਦੀ ਵਿੱਥ ’ਤੇ ਪਿੰਡ ਸਿੰਬਲ ਮਜਾਰਾ ਹੈ। ਇਸ ਦੇ ਉੱਤਰ ਵਾਲੇ ਪਾਸੇ ਉਸ ਸਮੇਂ ਅੰਬਾਂ ਦਾ ਬਹੁਤ ਵੱਡਾ ਬਾਗ ਸੀ ਜਿਸ ਰਹਿੰਦ ਖੂੰਹਦ ਅਜੇ ਵੀ ਬਾਕੀ ਹੈ। ‘ਸੰਤ’ ਬਖਤਾਵਰ ਸਿੰਘ ਪਿੰਡ ਬੀਰੋਵਾਲ ਨੇ ਇਸ ਬਾਗ਼ ਵਿਚ ਭਾਦੋਂ ਦੇ ਪਹਿਲੇ ਪੱਖ ਦੇ ਕਿਸੇ ਦਿਨ ਵੱਡਾ ਇਕੱਠ ਕੀਤਾ। ਇਲਾਕੇ ਦੇ ਪਿੰਡਾਂ ਵਿਚ ਸੁਨੇਹੇ ਭੇਜੇ ਕਿ ਇਕੱਠ ਵਿਚ ਹਥਿਆਰਬੰਦ ਹੋ ਕੇ ਆਉਣਾ ਹੈ। ਸੁਨੇਹਾ ਦੇਣ ਵਾਲਿਆਂ ਵਿਚ ਮੇਰੇ ਪਿੰਡ ਗੁਲਪੁਰ ਦਾ ਮਿਹਰੂ ਵੀ ਸੀ।
ਮਿਥੇ ਹੋਏ ਦਿਨ ਬਹੁਤ ਵੱਡਾ ਇਕੱਠ ਹੋ ਗਿਆ ਜਿਨ੍ਹਾਂ ਵਿਚ ਵੱਡੀ ਗਿਣਤੀ ਲੁਟੇਰਿਆਂ ਅਤੇ ਤਮਾਸ਼ਬੀਨ ਦੀ ਸੀ। ਇਸ ਇਕੱਠ ਵਿਚ ਭਾਵਨਾਵਾਂ ਇਸ ਕਦਰ ਭੜਕਾਈਆਂ ਕਿ ਉਸੇ ਵੇਲੇ ਚਣਕੋਆ ਉੱਤੇ ਹਮਲੇ ਦਾ ਫੈਸਲਾ ਹੋ ਗਿਆ। ਹਮਲੇ ਦਾ ਆਧਾਰ ਇਹ ਬਣਾਇਆ ਕਿ ਜੇ ਅੱਜ ਹੀ ਹਮਲਾ ਨਾ ਕੀਤਾ ਗਿਆ ਤਾਂ ਰਾਤ ਨੂੰ ਮੁਸਲਮਾਨ ਹਮਲਾ ਕਰ ਦੇਣਗੇ। ਪ੍ਰੋ. ਅਵਤਾਰ ਸਿੰਘ ਦੁਪਾਲਪੁਰ ਚਣਕੋਆ ਤੋਂ ਕਰੀਬ 7-8 ਕਿਲੋਮੀਟਰ ਦੂਰ ਬੇਟ ਇਲਾਕੇ ਵਿਚ ਪੈਂਦੇ ਪਿੰਡ ਮੀਰਪੁਰ ਨੂੰ ਅੱਗ ਲਾਉਣ ਲਈ ਵੀ ਇਹੋ ਸੰਤ ਜਿ਼ੰਮੇਵਾਰ ਸੀ। ਇਉਂ ਹਥਿਆਰਬੰਦ ਬੰਦਿਆਂ ਨੇ ਬਰਛਿਆਂ, ਕਿਰਪਾਨਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਚਣਕੋਆ ਵਿਚ ਇਕੱਠੇ ਹੋਏ ਮੁਸਲਮਾਨਾਂ ਉੱਤੇ ਹੱਲਾ ਬੋਲ ਦਿੱਤਾ। ਕਈ ਘੰਟੇ ਗਹਿਗੱਚ ਲੜਾਈ ਹੋਈ ਜਿਸ ਵਿਚ ਸੈਂਕੜੇ ਬੱਚੇ, ਬੁੱਢੇ, ਮਰਦ, ਔਰਤਾਂ ਕਤਲ ਕਰ ਦਿੱਤੇ ਗਏ। ਅਨੇਕਾਂ ਔਰਤਾਂ ਨੇ ਆਪਣੀ ਆਬਰੂ ਬਚਾਉਣ ਲਈ ਮਸੀਤ ਨੇੜਲੇ ਖੂਹ ਵਿਚ ਛਾਲਾਂ ਮਾਰ ਦਿੱਤੀਆਂ ਸਨ (ਹੁਣ ਇਹ ਖੂਹ ਪੂਰ ਦਿੱਤਾ ਗਿਆ ਹੈ)।
ਉਪਰੋਂ ਰਾਤ ਪੈ ਗਈ। ਵੱਡੀ ਗਿਣਤੀ ਵਿਚ ਮੁਸਲਮਾਨ ਹਥਿਆਰਾਂ ਦੇ ਜ਼ੋਰ ਨਾਲ ਹਨੇਰੇ ਦੀ ਓਟ ਵਿਚ ਪਿੰਡੋਂ ਨਿਕਲ ਗਏ। ਖੁਸ਼ਕਿਸਮਤ ਲੋਕ ਫਸਲਾਂ ਵਿਚ ਲੁਕਦੇ ਗੜ੍ਹਸ਼ੰਕਰ ਦੇ ਸ਼ਰਨਾਰਥੀ ਕੈਂਪ ਵਿਚ ਪਹੁੰਚ ਗਏ। ਬਹੁਤ ਸਾਰੇ ਰਾਹ ਵਿਚ ਜਨੂਨੀਆਂ ਹੱਥੋਂ ਮਾਰੇ ਗਏ। ਸਰਕਾਰ ਦੇ ਹਰਕਤ ਵਿਚ ਆਉਣ ਤੱਕ ਲੱਭ ਲੱਭ ਕੇ ਲੋਕਾਂ ਦਾ ਸ਼ਿਕਾਰ ਖੇਡਿਆ ਗਿਆ। ਧਾੜਵੀਆਂ ਨੇ ਬੇਸਹਾਰਾ ਔਰਤਾਂ ਨੂੰ ਜ਼ਬਰਦਸਤੀ ਰੱਖ ਲਿਆ। ਉਸ ਰਾਤ ਲੁਟੇਰਿਆਂ ਨੇ ਪਿੰਡ ਨੂੰ ਰੱਜ ਕੇ ਲੁੱਟਿਆ। ਰਹਿਮੇ ਨੂੰ ਆਸ-ਪਾਸ ਲਗਦੇ ਪਿੰਡਾਂ ਦੇ ਉਨ੍ਹਾਂ ਲੋਕਾਂ ਨੇ ਹੀ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਿਨ੍ਹਾਂ ਨੇ ਆਪਣੀਆਂ ਗਰਜਾਂ ਪੂਰੀਆਂ ਕਰਨ ਲਈ ਉਸ ਤੋਂ ਪੈਸੇ ਉਧਾਰ ਲਏ ਹੋਏ ਸਨ। ਕੇਵਲ ਉਧਾਰ ਮਾਰਨ ਦੀ ਨੀਅਤ ਨਾਲ ਮਾਨਵਤਾ ਨੂੰ ਦਾਗਦਾਰ ਕਰ ਦਿੱਤਾ ਗਿਆ। ਪਿੰਡ ਮਜਾਰੀ ਦਾ ਤੇਲੀ ਭਲਵਾਨ ਫਸਲਾਂ ਵਿਚੋਂ ਕੱਢ ਕੇ ਸਮੇਤ ਪਰਿਵਾਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਾਡੇ ਗੁਆਂਢੀ ਪਿੰਡ ਕਰਾਵਰ ਦੇ ਕਿਸੇ ਕੋਠੇ ਦੇ ਖੱਲ ਖੂੰਜੇ ਲੁਕ ਕੇ ਬੈਠੇ ਨਿਜ਼ਾਮੂ ਅਤੇ ਉਸ ਦੇ 9-10 ਸਾਲਾ ਲੜਕੇ ਨੂੰ ਉਸ ਸਮੇਂ ਮੇਰੇ ਪਿੰਡ ਕੋਲੋਂ ਲੰਘਦੀ ਖੱਡ ਵਿਚ ਲਿਆ ਕੇ ਕਤਲ ਕਰ ਦਿੱਤਾ ਗਿਆ। ਕਤਲਾਂ ਤੇ ਮਾਰ-ਧਾੜ ਦਾ ਇਹ ਸਿਲਸਿਲਾ 3-4 ਦਿਨਾਂ ਤੱਕ ਚੱਲਦਾ ਰਿਹਾ। ਇੰਨੀ ਕਤਲੋ-ਗਾਰਤ ਦੇ ਬਾਵਜੂਦ ਸਾਹਦੜਾ, ਸਾਹਿਬਾ, ਜੈਨਪੁਰ ਆਦਿ ਪਿੰਡਾਂ ਵਿਚ ਤੇਲੀ ਮੁਸਲਮਾਨਾਂ ਦੇ ਪਰਿਵਾਰ ਬਿਲਕੁਲ ਸੁਰੱਖਿਅਤ ਰਹੇ। ਇਲਾਕੇ ਵਿਚ ਅਮਨ-ਅਮਾਨ ਤੋਂ ਬਾਅਦ ਵੀ ਖੇਤਾਂ ਵਿਚੋਂ ਗਲੀਆਂ ਸੜੀਆਂ ਲਾਸ਼ਾਂ ਮਿਲਦੀਆਂ ਰਹੀਆਂ ਸਨ।
ਜਦੋਂ ਇਸ ਦੁਖਦਾਈ ਅਤੇ ਘਿਨਾਉਣੀ ਘਟਨਾ ਦਾ ਜ਼ਿਕਰ ਬਜ਼ੁਰਗਾਂ (ਜੋ ਹੁਣ ਨਹੀਂ ਰਹੇ) ਸਾਹਮਣੇ ਛਿੜਦਾ ਸੀ ਜਿਹੜੇ ਇਸ ਵਿਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਸ਼ਾਮਲ ਸਨ ਤਾਂ ਉਨ੍ਹਾਂ ਦੇ ਚਿਹਰਿਆਂ ਉੱਤੇ ਪਛਤਾਵੇ ਦਾ ਪਰਛਾਵਾਂ ਅਤੇ ਪੀੜ ਦਾ ਅਹਿਸਾਸ ਸਪੱਸ਼ਟ ਦੇਖਿਆ ਜਾ ਸਕਦਾ ਸੀ।
ਸੰਪਰਕ: 0061411218801